ਮੂਡੀਜ਼ ਨੇ ਘਟਾਈ ਏਅਰਟੈੱਲ ਦੀ ਰੇਟਿੰਗ

02/07/2019 11:26:38 PM

ਨਵੀਂ ਦਿੱਲੀ-ਰੇਟਿੰਗ ਏਜੰਸੀ ਮੂਡੀਜ਼ ਨੇ ਏਅਰਟੈੱਲ ਦੀ ਰੇਟਿੰਗ ਘਟਾ ਦਿੱਤੀ ਹੈ। ਏਜੰਸੀ ਨੇ ਬੀਤੇ ਦਿਨੀਂ ਇਕ ਬਿਆਨ ਵਿਚ ਦੱਸਿਆ ਸੀ ਕਿ ਕੰਪਨੀ ਦੀ ਪੂਰਨ ਮਾਲਕੀ ਵਾਲੀ ਡੱਚ ਸਬਸਿਡਰੀ ਭਾਰਤੀ ਏਅਰਟੈੱਲ ਇੰਟਰਨੈਸ਼ਨਲ (ਨੀਦਰਲੈਂਡਸ) ਬੀ. ਵੀ. ਵਲੋਂ ਜਾਰੀ ਅਨਸਕਿਓਰਡ ਨੋਟਸ ਨੂੰ ਵੀ ਡਾਊਨਗ੍ਰੇਡ ਕਰ ਦਿੱਤਾ ਗਿਆ ਹੈ। ਕੁਝ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਸ ਕਟੌਤੀ ਨਾਲ ਭਾਰਤੀ ਕੰਪਨੀ ਲਈ ਕਰਜ਼ਾ ਲੈਣਾ 30.50 ਆਧਾਰ ਅੰਕ ਤੱਕ ਮਹਿੰਗਾ ਹੋ ਜਾਵੇਗਾ, ਖਾਸ ਤੌਰ ’ਤੇ ਵਿਦੇਸ਼ ਤੋਂ। ਕਿਸੇ ਵੀ ਇੰਟਰਨੈਸ਼ਨਲ ਏਜੰਸੀ ਵਲੋਂ ਭਾਰਤੀ ਕੰਪਨੀ ਨੂੰ ਇਨਵੈਸਟਮੈਂਟ ਗ੍ਰੇਡ ਤੋਂ ਹੇਠਾਂ ਦੀ ਰੇਟਿੰਗ ਦੇਣ ਦਾ ਇਹ ਪਹਿਲਾ ਮਾਮਲਾ ਹੈ। ਸਤੰਬਰ, 2016 ਵਿਚ ਰਿਲਾਇੰਸ ਜਿਓ ਦੀ ਐਂਟਰੀ ਤੋਂ ਬਾਅਦ ਹੀ ਟੈਰਿਫ ਵਾਰ ਨਾਲ ਕੰਪਨੀ ਜੂਝ ਰਹੀ ਹੈ ਤੇ ਇਸ ਦਾ ਅਸਰ ਉਸ ਦੀ ਆਮਦਨ, ਲਾਭ ਅਤੇ ਕੈਸ਼ ਫਲੋਅ ’ਤੇ ਪਿਆ ਹੈ।

ਭਾਰਤੀ ਕੰਪਨੀ ਨੇ ਹਾਲਾਂਕਿ ਇਕ ਬਿਆਨ ਵਿਚ ਮੂਡੀਜ਼ ਦੇ ਕਦਮ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ ਕਿ 2 ਗਲੋਬਲ ਰੇਟਿੰਗ ਏਜੰਸੀਆਂ ਫਿੱਚ ਰੇਟਿੰਗਸ ਅਤੇ ਸਟੈਂਡਰਡ ਐਂਡ ਪੁਅਰਸ ਵਲੋਂ ਕੰਪਨੀ ਨੂੰ ਇਨਵੈਸਟਮੈਂਟ ਗ੍ਰੇਡ ਵਾਲੀ ਰੇਟਿੰਗ ਮਿਲੀ ਹੋਈ ਹੈ। ਮੂਡੀਜ਼ ਦੀ ਵਾਈਸ ਪ੍ਰੈਜ਼ੀਡੈਂਟ ਅੰਨਾਲਿਜਾ ਡੀ. ਕਿਆਰਾ ਨੇ ਕਿਹਾ ਕਿ ਇਹ ਡਾਊਨਗ੍ਰੇਡ ਭਾਰਤੀ ਦੂਰਸੰਚਾਰ ਬਾਜ਼ਾਰ ਵਿਚ ਦੌੜ ਦੀ ਸਥਿਤੀ ਨੂੰ ਵੇਖਦਿਆਂ ਕੰਪਨੀ ਦੇ ਲਾਭ, ਕੈਸ਼ ਫਲੋਅ ਦੀ ਸਥਿਤੀ ਅਤੇ ਕਰਜ਼ੇ ਦੇ ਪੱਧਰ ਵਿਚ ਠੀਕ-ਠਾਕ ਸੁਧਾਰ ਹੋਣ ਜਾਂ ਨਾ ਹੋਣ ਨਾਲ ਜੁੜੀ ਅਨਿਸ਼ਚਿਤਤਾ ਦਰਸਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੰਪਨੀ ਦੀ ਕ੍ਰੈਡਿਟ ਕੁਆਲਿਟੀ ਮਜ਼ਬੂਤ ਕਰਨ ਅਤੇ ਵਿੱਤੀ ਹਾਲਤ ਦਰੁਸਤ ਕਰਨ ਲਈ ਇੰਡੀਅਨ ਮੋਬਾਇਲ ਸੈਗਮੈਂਟ ਤੋਂ ਕੈਸ਼ ਫਲੋਅ ਵਿਚ ਚੰਗੀ ਰਿਕਵਰੀ ਦੀ ਜ਼ਰੂਰਤ ਹੈ। ਮੂਡੀਜ਼ ਦਾ ਇਹ ਮੁਲਾਂਕਣ ਵੀ ਹੈ ਕਿ ਇੰਡੀਅਨ ਮੋਬਾਇਲ ਸੈਗਮੈਂਟ ਤੋਂ ਕੰਪਨੀ ਦਾ ਲਾਭ ਅਗਲੀਆਂ ਕੁਝ ਤਿਮਾਹੀਆਂ ਤੱਕ ਘੱਟ ਹੀ ਬਣਿਆ ਰਹੇਗਾ। 


Related News