ਮੂਡੀਜ਼ ਨੇ ਰੇਟਿੰਗ ਘਟਾਈ : ਸਰਕਾਰ ਨੇ ਕਿਹਾ ਅਰਥਵਿਵਸਥਾ ਦਾ ਆਧਾਰ ਮਜ਼ਬੂਤ

11/08/2019 3:15:22 PM

ਨਵੀਂ ਦਿੱਲੀ — ਆਉਣ ਵਾਲੇ ਸਮੇਂ 'ਚ ਭਾਰਤੀ ਅਰਥਵਿਵਸਥਾ ਦੀ ਰਫਤਾਰ ਸੁਸਤ ਰਹਿਣ ਦੇ ਅਨੁਮਾਨ ਨਾਲ ਪ੍ਰਮੁੱਖ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਘਟਾ ਕੇ ਨਕਾਰਾਤਮਕ ਕਰ ਦਿੱਤਾ ਹੈ। ਮੂਡੀਜ਼ ਨੇ ਰੇਟਿੰਗ ਘੱਟ ਕਰਨ ਪਿੱਛੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਆਉਣ ਵਾਲੇ ਸਮੇਂ 'ਚ ਸੁਸਤ ਪੈ ਸਕਦੀ ਹੈ। ਰੇਟਿੰਗ ਏਜੰਸੀ ਦੇ ਰਫਤਾਰ ਸੁਸਤ ਹੋਣ ਦੇ ਪਿੱਛੇ ਦਾ ਕਾਰਨ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਮੀਦਾਂ ਅਨੁਸਾਰ ਨਤੀਜੇ ਨਾ ਮਿਲਣਾ ਹੈ। 

ਦੂਜੇ ਪਾਸੇ ਸਰਕਾਰ ਨੇ ਮੂਡੀਜ਼ ਦੇ ਰੇਟਿੰਗ ਘਟਾਏ ਜਾਣ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਕਿ ਅਰਥਵਿਵਸਥਾ ਦਾ ਆਧਾਰ ਮਜ਼ਬੂਤ ਹੈ। ਸਰਕਾਰ ਨੇ ਕਿਹਾ ਕਿ ਮੂਡੀਜ਼ ਨੇ ਰੇਟਿੰਗ ਘਟਾ ਦਿੱਤੀਆਂ ਹਨ ਪਰ ਦੇਸ਼ ਦੀ ਆਰਥਿਕਤਾ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ ਪ੍ਰਾਪਤ ਕਰਨ ਜਾ ਰਹੀ ਹੈ। ਮੂਡੀਜ਼ ਨੇ ਬਿਆਨ ਵਿਚ  ਬੀਏਏ 2 ਵਿਦੇਸ਼ੀ ਮੁਦਰਾ ਅਤੇ ਸਥਾਨਕ ਮੁਦਰਾ ਦਰਜਾਬੰਦੀ ਦੀ ਪੁਸ਼ਟੀ ਕੀਤੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਪਹਿਲੇ ਅਨੁਮਾਨਾਂ ਦੀ ਤੁਲਨਾ 'ਚ ਮੌਜੂਦਾ ਰੇਟਿੰਗ ਲੰਮੇ ਸਮੇਂ ਦੀ ਆਰਥਿਕ ਅਤੇ ਸੰਸਥਾਗਤ ਕਮਜ਼ੋਰੀ ਨਾਲ ਨਜਿੱਠਣ 'ਚ ਸਰਕਾਰ ਦੀ ਨੀਤੀ ਦੇ ਅਸਰ  ਉਮੀਦ ਅਨੁਸਾਰ ਪ੍ਰਭਾਵਸ਼ਾਲੀ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਇਸ ਕਾਰਨ ਦੇਸ਼ 'ਤੇ ਕਰਜ਼ੇ ਦਾ ਬੋਝ ਜਿਹੜਾ ਕਿ ਪਹਿਲਾਂ ਹੀ ਉੱਚ ਪੱਧਰ 'ਤੇ ਪਹੁੰਚ ਗਿਆ ਹੈ ਅੱਗੇ ਇਸ 'ਚ ਹੋਰ ਵੀ ਵਾਧਾ ਹੋ ਸਕਦਾ ਹੈ।

ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਅਰਥਚਾਰੇ ਦਾ ਅਧਾਰ ਮਜ਼ਬੂਤ ​​ਹੈ ਅਤੇ ਹੁਣੇ ਜਿਹੇ ਸੁਧਾਰਾਂ ਦੀ ਦਿਸ਼ਾ ਵੱਲ ਜਿਹੜੇ ਕਦਮ ਚੁੱਕੇ ਗਏ ਹਨ ਉਹ ਨਿਵੇਸ਼ ਵਧਾਉਣ 'ਚ ਕਾਰਗਰ ਸਿੱਧ ਹੋਣਗੇ। ਦੇਸ਼ ਅਜੇ ਵੀ ਪੂਰੀ ਦੁਨੀਆ 'ਚ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਦੀ ਕਤਾਰ 'ਚ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਭਾਰਤੀ ਅਰਥਵਿਵਸਥਾ 'ਤੇ ਆਈ ਤਾਜ਼ਾ ਰਿਪੋਰਟ ਦਾ ਜ਼ਿਕਰ ਕਰਦਿਆਂ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਵਿਕਾਸ ਦਰ 6.1 ਪ੍ਰਤੀਸ਼ਤ ਅਤੇ ਅਗਲੇ ਸਾਲ ਸੱਤ ਪ੍ਰਤੀਸ਼ਤ ਰਹਿਣ ਦੀ ਉਮੀਦ ਹੈ। ਵਿੱਤੀ ਖੇਤਰ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਵੱਖ-ਵੱਖ ਕਦਮ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨਗੇ। ਜ਼ਿਕਰਯੋਗ ਹੈ ਕਿ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਦੇਸ਼ ਦੀ ਵਾਧਾ ਦਰ ਛੇ ਸਾਲ ਦੇ ਹੇਠਲੇ ਪੱਧਰ 5 ਫੀਸਦੀ 'ਤੇ ਰਹੀ ਸੀ।


Related News