ਪੀ. ਐੱਮ. ਮੋਦੀ ਲਾਂਚ ਕਰਨਗੇ FAME-2 ਸਕੀਮ, ਇਲੈਕਟ੍ਰਿਕ ਵਾਹਨਾਂ ''ਤੇ ਮਿਲੇਗੀ ਸਬਸਿਡੀ
Friday, Sep 07, 2018 - 08:59 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੇ ਦੋ ਦਿਨਾਂ ਗਲੋਬਲ ਮੋਬਿਲਿਟੀ ਸੰਮੇਲਨ 'ਚ 'ਫੇਮ ਇੰਡੀਆ ਸਕੀਮ-2' ਲਾਂਚ ਕਰਨ ਦਾ ਐਲਾਨ ਕਰ ਸਕਦੇ ਹਨ, ਜਿਸ ਤਹਿਤ ਇਲੈਕਟ੍ਰਿਕ ਵਾਹਨਾਂ 'ਤੇ ਸਬਸਿਡੀ ਦਿੱਤੀ ਜਾਵੇਗੀ। ਇਸ ਗਲੋਬਲ ਸੰਮੇਲਨ 'ਚ ਆਟੋਮੋਟਿਵ ਸੈਕਟਰ ਦੇ ਸੀ. ਈ. ਓਜ਼. ਮੌਜੂਦ ਹੋਣਗੇ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ (ਸੀ. ਈ. ਓ.) ਅਮਿਤਾਭ ਕਾਂਤ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਚੋਟੀ ਦੀਆਂ ਕੰਪਨੀਆਂ ਦੇ ਸੀ. ਈ. ਓਜ਼. ਦੇ ਵਿਚਾਰਾਂ ਨੂੰ ਸੁਣਨਗੇ ਅਤੇ ਫਿਰ ਫੇਮ-2 ਬਾਰੇ ਅੰਤਿਮ ਫੈਸਲਾ ਲੈਣਗੇ। ਗਲੋਬਲ ਮੋਬਿਲਿਟੀ ਸੰਮੇਲਨ 'ਚ 30 ਤੋਂ ਵਧ ਗਲੋਬਲ ਸੀ. ਈ. ਓ., 100 ਤੋਂ ਜ਼ਿਆਦਾ ਸੂਬਿਆਂ ਦੇ ਅਧਿਕਾਰੀ, 100 ਤੋਂ ਵਧ ਵਿਦੇਸ਼ੀ ਪ੍ਰਤੀਨਿਧੀ ਅਤੇ 200 ਤੋਂ ਵਧ ਭਾਰਤੀ ਸੀ. ਈ. ਓ. ਹਿੱਸਾ ਲੈਣਗੇ। ਇਸ ਸ਼ਿਖਰ ਸੰਮੇਲਨ 'ਚ ਬੈਟਰੀ ਨਿਰਮਾਤਾ, ਚਾਰਜਿੰਗ ਇੰਫਰਾਸਟ੍ਰਕਚਰ ਪ੍ਰਦਾਤਾ, ਤਕਨਾਲੋਜੀ ਸਲਿਊਸ਼ਨ ਪ੍ਰਦਾਤਾ ਆਦਿ ਆਪਣੇ ਵਿਚਾਰ ਰੱਖਣਗੇ।
ਜਾਣਕਾਰੀ ਮੁਤਾਬਕ, 'ਫੇਮ ਇੰਡੀਆ ਸਕੀਮ-2' ਪੰਜ ਸਾਲ ਲਈ ਹੋਵੇਗੀ ਅਤੇ ਸਰਕਾਰ ਇਸ 'ਤੇ 5,500 ਕਰੋੜ ਰੁਪਏ ਖਰਚ ਕਰੇਗੀ। ਇਸ ਸਕੀਮ ਤਹਿਤ ਸਾਰੇ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਸਬਸਿਡੀ ਦਿੱਤੀ ਜਾਵੇਗੀ, ਜਿਨ੍ਹਾਂ 'ਚ ਦੋ-ਪਹੀਆ, ਤਿੰਨ ਪਹੀਆ, ਚਾਰ ਪਹੀਆ ਵਾਹਨ ਅਤੇ ਜਨਤਕ ਟਰਾਂਸਪੋਰਟ ਇਲੈਕਟ੍ਰਿਕ ਬੱਸਾਂ ਸ਼ਾਮਲ ਹਨ। ਇਸ ਸਕੀਮ ਤਹਿਤ ਚਾਰਜਿੰਗ ਸਟੇਸ਼ਨ ਸਥਾਪਤ ਕਰਨ 'ਤੇ ਵੀ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ 'ਫੇਮ ਇੰਡੀਆ ਸਕੀਮ-1' ਸਾਲ 2015 'ਚ ਲਾਂਚ ਕੀਤੀ ਸੀ, ਜਿਸ ਨੂੰ ਪਹਿਲਾਂ ਦੋ ਸਾਲ ਯਾਨੀ 31 ਮਾਰਚ 2017 ਤਕ ਚਲਾਉਣ ਦਾ ਪ੍ਰਸਤਾਵ ਸੀ ਪਰ ਇਸ ਨੂੰ ਦੋ ਵਾਰ 6-6 ਮਹੀਨੇ ਲਈ ਵਧਾ ਕੇ 31 ਮਾਰਚ 2018 ਤਕ ਕਰ ਦਿੱਤਾ ਗਿਆ ਸੀ। ਇਸ ਸਾਲ ਅਪ੍ਰੈਲ 'ਚ ਸਰਕਾਰ ਨੇ ਇਸ ਸਕੀਮ ਨੂੰ ਫਿਰ ਵਧਾ ਕੇ ਸਤੰਬਰ ਤਕ ਕਰ ਦਿੱਤਾ ਸੀ ਜਾਂ ਜਦੋਂ ਤਕ ਇਸ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ।