ਸੋਮਵਾਰ ਤੋਂ ''SIM'' ਲਈ ਲਾਗੂ ਹੋਣਗੇ ਨਵੇਂ ਨਿਯਮ, ਜਾਣ ਲਓ ਖਾਸ ਗੱਲਾਂ

12/15/2019 3:19:41 PM

ਨਵੀਂ ਦਿੱਲੀ— ਹੁਣ ਮੌਜੂਦਾ ਮੋਬਾਇਲ ਨੰਬਰ ਬਦਲੇ ਬਿਨਾਂ ਦੂਜੀ ਕੰਪਨੀ 'ਚ ਸ਼ਿਫਟ ਹੋਣ ਲਈ ਇਕ ਹਫਤੇ ਦੀ ਉਡੀਕ ਨਹੀਂ ਕਰਨੀ ਪਵੇਗੀ, ਸਿਰਫ ਤਿੰਨ ਦਿਨਾਂ 'ਚ ਨੰਬਰ ਪੋਰਟ ਹੋ ਸਕੇਗਾ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਮੋਬਾਇਲ ਨੰਬਰ ਪੋਰਟੇਬਿਲਟੀ (ਐੱਮ. ਐੱਨ. ਪੀ.) ਨੂੰ ਪਹਿਲਾਂ ਨਾਲੋਂ ਸੌਖਾ ਤਾਂ ਕਰ ਦਿੱਤਾ ਹੈ ਪਰ ਇਸ ਨਾਲ ਕੁਝ ਸ਼ਰਤਾਂ ਵੀ ਹਨ। ਨਵੇਂ ਨਿਯਮ 16 ਦਸੰਬਰ ਤੋਂ ਲਾਗੂ ਹੋਣਗੇ।

PunjabKesari


ਟਰਾਈ ਵੱਲੋਂ ਤੁਹਾਨੂੰ ਮੋਬਾਇਲ 'ਤੇ 'ਯੂਨੀਕ ਪੋਰਟਿੰਗ ਕੋਡ' (ਯੂ. ਪੀ. ਸੀ.) ਸਿਰਫ ਤਾਂ ਹੀ ਮਿਲੇਗਾ ਜੇਕਰ ਤੁਸੀਂ ਸ਼ਰਤਾਂ ਨੂੰ ਪੂਰਾ ਕਰੋਗੇ। ਟਰਾਈ ਹੀ ਇਹ ਫੈਸਲਾ ਕਰੇਗਾ ਕਿ ਗਾਹਕ ਮੋਬਾਇਲ ਨੰਬਰ ਪੋਰਟੇਬਿਲਟੀ ਦੇ ਯੋਗ ਹੈ ਜਾਂ ਨਹੀਂ। ਸ਼ਰਤਾਂ 'ਤੇ ਪੂਰਾ ਨਾ ਉਤਰਨ 'ਤੇ ਨੰਬਰ ਪੋਰਟ ਨਹੀਂ ਹੋਵੇਗਾ।

 

ਇਹ ਹਨ ਸ਼ਰਤਾਂ—

PunjabKesari
ਪੋਸਟਪੇਡ ਗਾਹਕ ਹੋ ਤਾਂ ਐੱਮ. ਐੱਨ. ਪੀ. ਤੋਂ ਪਹਿਲਾਂ ਮੌਜੂਦਾ ਦੂਰਸੰਚਾਰ ਓਪਰੇਟਰ ਦਾ ਬਿੱਲ ਜਾਂ ਕੋਈ ਵੀ ਬਕਾਇਆ ਰਾਸ਼ੀ ਤਾਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੋਬਾਇਲ ਨੰਬਰ ਨੂੰ ਓਹੀ ਗਾਹਕ ਪੋਰਟ ਕਰਵਾ ਸਕਣਗੇ ਜੋ ਮੌਜੂਦਾ ਓਪੇਰਟਰ ਦੀ ਸਰਵਿਸ ਨਾਲ ਘੱਟੋ-ਘੱਟ 90 ਦਿਨਾਂ ਤੋਂ ਜੁੜੇ ਹੋਣ, ਯਾਨੀ ਜੇਕਰ ਤੁਹਾਨੂੰ ਪਹਿਲੇ ਓਪਰੇਟਰ ਦੀ ਸਰਵਿਸ ਨਾਲ ਜੁੜੇ ਤਿੰਨ ਮਹੀਨੇ ਨਹੀਂ ਹੋਏ ਹਨ ਤਾਂ ਤੁਸੀਂ ਕੰਪਨੀ ਨਹੀਂ ਬਦਲ ਸਕੋਗੇ। ਉੱਥੇ ਹੀ, ਇਹ ਸ਼ਰਤ ਵੀ ਹੈ ਕਿ ਤੁਹਾਨੂੰ ਅਦਾਲਤ ਵੱਲੋਂ ਮੋਬਾਇਲ ਨੰਬਰ ਦੀ ਪੋਰਟਿੰਗ ਮਨ੍ਹਾ ਨਾ ਕੀਤੀ ਗਈ ਹੋਵੇ। ਜੇਕਰ ਤੁਹਾਡਾ ਮੋਬਾਈਲ ਨੰਬਰ ਅਦਾਲਤ 'ਚ ਵਿਚਾਰ ਅਧੀਨ ਹੈ, ਤਾਂ ਤੁਸੀਂ ਇਸ ਨੂੰ ਪੋਰਟ ਨਹੀਂ ਕਰ ਸਕੋਗੇ।

 

ਪੋਰਟਿੰਗ ਸਮਾਂ ਤੇ ਚਾਰਜ-

PunjabKesari
ਜੰਮੂ ਤੇ ਕਸ਼ਮੀਰ, ਆਸਾਮ ਤੇ ਉੱਤਰੀ-ਪੱਛਮੀ ਰਾਜਾਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਯੂਨੀਕ ਪੋਰਟਿੰਗ ਕੋਡ (ਯੂ. ਪੀ. ਸੀ.) 4 ਦਿਨਾਂ ਲਈ ਵੈਲਿਡ ਹੋਵੇਗਾ। ਜੰਮੂ-ਕਸ਼ਮੀਰ, ਆਸਾਮ ਤੇ ਉੱਤਰੀ-ਪੱਛਮੀ ਰਾਜਾਂ 'ਚ ਯੂ. ਪੀ. ਸੀ. 30 ਦਿਨਾਂ ਲਈ ਵੈਲਿਡ ਹੋਵੇਗਾ। ਪੋਰਟਿੰਗ ਲਈ ਟਰਾਈ 6.46 ਰੁਪਏ ਦਾ ਚਾਰਜ ਲਵੇਗਾ। ਜਿਸ ਸਰਕਲ ਦਾ ਨੰਬਰ ਹੈ ਉਸੇ 'ਚ ਪੋਰਟ ਕਰਨ ਲਈ ਤਿੰਨ ਕੰਮਕਾਜੀ ਦਿਨ ਲੱਗਣਗੇ। ਜੇਕਰ ਪੋਰਟਿੰਗ ਦੂਜੇ ਸਰਕਲ ਲਈ ਹੈ ਤਾਂ ਇਸ 'ਚ ਪੰਜ ਦਿਨ ਲੱਗਣਗੇ।


Related News