ਸਾਊਦੀ ਅਰਬ ''ਚ ਇਕੱਠੇ ਹੋਏ 20 ਦੇਸ਼ਾਂ ਦੇ ਮੰਤਰੀ, ਕਈ ਗੰਭੀਰ ਮੁੱਦਿਆਂ ''ਤੇ ਹੋਵੇਗੀ ਚਰਚਾ

02/22/2020 6:01:24 PM

ਨਵੀਂ ਦਿੱਲੀ — ਜੀ-20 ਦੇਸ਼ਾਂ ਦੇ ਵਿੱਤ ਮੰਤਰੀ ਅਤੇ ਇਨ੍ਹਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਸਾਊਦੀ ਅਰਬ 'ਚ ਅੱਜ ਸ਼ਨੀਵਾਰ ਦੋ ਦਿਨਾਂ ਵਿਚਾਰ-ਵਟਾਂਦਰੇ ਲਈ ਇਕੱਠੇ ਹੋਏ। ਇਹ ਅਧਿਕਾਰੀ ਵਿਸ਼ਵਵਿਆਪੀ ਅਰਥਚਾਰੇ ਦੀ ਮੌਜੂਦਾ ਸਥਿਤੀ ਅਤੇ ਕੋਰੋਨਾਵਾਇਰਸ ਦੇ ਸੰਕਰਮਣ ਕਾਰਨ ਵਧ ਰਹੇ ਜੋਖਮਾਂ ਵਰਗੇ ਗੰਭੀਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਵਿਚਾਰ-ਵਟਾਂਦਰੇ ਵਿਚ ਜੀ -20 ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕ ਦੇ ਗਵਰਨਰ ਵਿਸ਼ਵਵਿਆਪੀ ਅਰਥਚਾਰੇ ਅਤੇ ਵਿਕਾਸ ਦੇ ਮਾਰਗ ਦੇ ਖ਼ਤਰਿਆਂ ਤੋਂ ਬਚਾਅ ਅਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸੰਭਾਵਿਤ ਨੀਤੀਗਤ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਇਨ੍ਹਾਂ ਮੁੱਦਿਆਂ ਤੋਂ ਇਲਾਵਾ ਇਹ ਨੁਮਾਇੰਦੇ ਅਰਥਚਾਰਿਆਂ ਦੇ ਡਿਜੀਟਾਈਜ਼ੇਸ਼ਨ ਦੇ ਯੁੱਗ ਵਿਚ ਟੈਕਸ ਲਾਉਣ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਇਸ ਕਾਨਫਰੈਂਸ ਦੀ ਅਗਵਾਈ ਸਾਊਦੀ ਅਰਬ ਕਰ ਰਿਹਾ ਹੈ। ਇਸ ਸੰਮੇਲਨ ਦਾ ਵਿਸ਼ਾ ਹੈ ' 21 ਵੀਂ ਸਦੀ ਦੇ ਮੌਕਿਆਂ ਦੀ ਸਾਰਿਆਂ ਲਈ ਪਛਾਣ'। ਇਹ ਪਹਿਲਾ ਮੌਕਾ ਹੈ ਜਦੋਂ ਜੀ-20 ਦੀ ਅਗਵਾਈ ਕਿਸੇ ਅਰਬ ਦੇਸ਼ ਦੇ ਹਿੱਸੇ ਆਈ ਹੈ। ਇਸ ਦੋ ਦਿਨਾਂ ਬੈਠਕ ਦੌਰਾਨ ਸਾਊਦੀ ਅਰਬ ਦੇ ਵਿੱਤ ਮੰਤਰੀ ਮੁਹੰਮਦ ਅਲ-ਜ਼ਦਾਨ ਅਤੇ ਸਾਊਦੀ ਅਰਬ ਦੇ ਕੇਂਦਰੀ ਬੈਂਕ ਦੇ ਗਵਰਨਰ ਅਹਿਮਦ ਅਲ-ਖਲੀਫੀ ਚੇਅਰਮੈਨ ਦੀ ਭੂਮਿਕਾ ਵਿਚ ਹੋਣਗੇ। ਇਹ ਬੈਠਕ ਅਜਿਹੇ ਗੰਭੀਰ ਸੰਕਟ ਸਮੇਂ ਕੀਤੀ ਜਾ ਰਹੀ ਹੈ ਜਦੋਂ ਚੀਨ ਵਿਚ ਕੋਰੋਨਾਵਾਇਰਸ ਵਾਇਰਸ ਦੇ ਫੈਲਣ ਕਾਰਨ ਵਿਸ਼ਵਵਿਆਪੀ ਅਰਥਚਾਰੇ 'ਤੇ ਇਸ ਦੇ ਪ੍ਰਭਾਵ ਪੈਣ ਦਾ ਡਰ ਪੈਦਾ ਹੋ ਗਿਆ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਾਲਿਨਾ ਜਾਰਜੀਏਵਾ ਨੇ ਸ਼ੁੱਕਰਵਾਰ ਨੂੰ ਇਥੇ ਕਿਹਾ ਕਿ ਕੋਰੋਨਾਵਾਇਰਸ ਦਾ ਅਰਥਚਾਰਿਆਂ 'ਤੇ ਅਸਰ ਹੋ ਸਕਦਾ ਹੈ ਫਿਰ ਭਾਵੇਂ ਇਹ ਅਸਰ ਥੋੜ੍ਹੇ ਸਮੇਂ ਲਈ ਹੀ ਰਹੇ ਪਰ ਮੌਜੂਦਾ ਸਮੇਂ 'ਚ ਵਿਸ਼ਵਵਿਆਪੀ ਆਰਥਿਕਤਾ ਨਾਜ਼ੁਕ ਸਥਿਤੀ 'ਚ ਹੈ। ਜਾਰਜੀਵਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ  ਆਰਥਿਕਤਾਵਾਂ 'ਤੇ ਹੋਣ ਵਾਲਾ ਅਸਰ ਅੰਗਰੇਜ਼ੀ ਦੇ 'ਵੀ' ਆਕਾਰ ਮਤਲਬ (ਤੇਜ਼ ਗਿਰਾਵਟ ਤੋਂ ਬਾਅਦ ਤੁਰੰਤ ਸੁਧਾਰ) ਵਰਗਾ ਹੋ ਸਕਦਾ ਹੈ। ਚੀਨ ਵਿਚ ਹੁਣ ਤੱਕ 2,345 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਨੇ ਕਿਹਾ ਹੈ ਕਿ ਉਹ ਇਸ ਜੀ -20 ਬੈਠਕ ਵਿਚ ਹਿੱਸਾ ਲੈਣ ਲਈ ਕਿਸੇ ਨੇਤਾ ਨੂੰ ਨਹੀਂ ਭੇਜੇਗਾ। ਸਾਊਦੀ ਅਰਬ ਵਿਚ ਚੀਨ ਦੇ ਰਾਜਦੂਤ ਹੀ ਇਸ ਬੈਠਕ ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ।


Related News