ਬਦਾਮ ''ਤੇ ਟੈਰਿਫ ਨਾਲ USA ਨੂੰ ਲੱਗਾ ਧੱਕਾ, ਜਾਣੋ ਕਿਉਂ ਹੈ ਇਹ ਅਹਿਮ ਮੁੱਦਾ
Saturday, Jun 22, 2019 - 03:22 PM (IST)
ਨਵੀਂ ਦਿੱਲੀ— ਭਾਰਤ ਯਾਤਰਾ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਹਾਲ ਹੀ 'ਚ ਅਮਰੀਕੀ ਬਦਾਮਾਂ 'ਤੇ ਵਧਾਈ ਗਈ ਇੰਪੋਰਟ ਡਿਊਟੀ ਦਾ ਮੁੱਦਾ ਉਠਾ ਸਕਦੇ ਹਨ। ਜਾਣਕਾਰੀ ਮੁਤਾਬਕ, ਇਕ ਪ੍ਰਭਾਵਸ਼ਾਲੀ ਅਮਰੀਕੀ ਸਾਂਸਦ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸੰਬੰਧ 'ਚ ਗੱਲਬਾਤ ਕਰਨ ਨੂੰ ਕਿਹਾ ਹੈ। ਪੌਂਪੀਓ 25 ਜੂਨ ਨੂੰ ਭਾਰਤ ਪਹੁੰਚਣਗੇ ਤੇ 27 ਜੂਨ ਤੱਕ ਇੱਥੇ ਰੁਕਣਗੇ।
ਭਾਰਤ ਨੇ ਸਟੀਲ ਅਤੇ ਐਲੂਮੀਨੀਅਮ ਵਰਗੇ ਭਾਰਤੀ ਉਤਪਾਦਾਂ 'ਤੇ ਵਾਸ਼ਿੰਗਟਨ ਵੱਲੋਂ ਲਗਾਏ ਗਏ ਉੱਚ ਟੈਰਿਫ ਦੇ ਜਵਾਬ 'ਚ ਬਦਾਮ, ਸੇਬ, ਦਾਲ ਅਤੇ ਅਖਰੋਟ ਸਮੇਤ 28 ਅਮਰੀਕੀ ਚੀਜ਼ਾਂ 'ਤੇ ਇੰਪੋਰਟ ਡਿਊਟੀ ਵਧਾਈ ਹੈ। ਬਦਾਮ ਦਾ ਮੁੱਦਾ ਅਮਰੀਕਾ ਲਈ ਇਸ ਲਈ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਜਵਾਬੀ ਕਦਮ ਨਾਲ ਉੱਥੋਂ ਦੇ ਕਿਸਾਨਾਂ ਨੂੰ ਇਸ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਵਾਸ਼ਿੰਗਟਨ ਹੁਣ ਤਕ ਭਾਰਤ ਨੂੰ ਤਕਰੀਬਨ 65 ਕਰੋੜ ਡਾਲਰ ਮੁੱਲ ਦਾ ਬਦਾਮ ਸਾਲਾਨਾ ਸਪਲਾਈ ਕਰ ਰਿਹਾ ਸੀ। ਭਾਰਤ ਦੇ ਜਵਾਬੀ ਕਦਮ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਯੁੱਧ ਦੇ ਜਵਾਬ 'ਚ ਬਦਾਮ 'ਤੇ 75 ਫੀਸਦੀ ਇੰਪੋਰਟ ਡਿਊਟੀ ਲਾਈ ਹੈ। ਇਸ ਨਾਲ ਸਭ ਤੋਂ ਵੱਧ ਝਟਕਾ ਕੈਲੀਫੋਰਨੀਆ ਦੇ ਬਦਾਮ ਉਦਪਾਦਕਾਂ ਨੂੰ ਲੱਗਾ ਹੈ। ਅਮਰੀਕੀ ਬਦਾਮ ਉਤਪਾਦਕ ਬਹੁਤ ਚਿੰਤਤ ਹਨ ਕਿਉਂਕਿ ਪਿਛਲੇ ਮਹੀਨੇ ਅਧਿਕਾਰੀਆਂ ਨੇ ਅਗਾਮੀ ਉਤਪਾਦਨ ਸੀਜ਼ਨ 'ਚ ਰਿਕਾਰਡ ਫਸਲ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ, ਜਦੋਂ ਕਿ ਚੀਨ ਤੇ ਭਾਰਤ ਦੋਹਾਂ ਦੇ ਜਵਾਬੀ ਕਦਮ ਨਾਲ ਅਮਰੀਕੀ ਬਦਾਮਾਂ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ 2017-18 'ਚ ਅਮਰੀਕਾ ਨੂੰ ਭਾਰਤ ਦੀ ਬਰਾਮਦ 47.9 ਅਰਬ ਡਾਲਰ ਰਹੀ ਸੀ, ਜਦੋਂ ਕਿ ਭਾਰਤ 'ਚ ਅਮਰੀਕੀ ਚੀਜ਼ਾਂ ਦੀ ਦਰਾਮਦ 26.7 ਅਰਬ ਡਾਲਰ ਹੋਈ ਸੀ, ਯਾਨੀ ਵਪਾਰ ਸੰਤੁਲਨ ਭਾਰਤ ਦੇ ਪੱਖ 'ਚ ਹੀ ਹੈ।