ਮਰਸਿਡੀਜ਼-ਬੇਂਜ ਨੇ ਜੂਨ ਤਿਮਾਹੀ ’ਚ ਭਾਰਤ ’ਚ ਵੇਚੇ 7,573 ਵਾਹਨ
Monday, Jul 11, 2022 - 06:33 PM (IST)
ਨਵੀਂ ਦਿੱਲੀ (ਭਾਸ਼ਾ) – ਲਗਜ਼ਰੀ ਕਾਰ ਨਿਰਮਾਤਾ ਮਰਸਿਡੀਜ਼-ਬੇਂਜ ਇੰਡੀਆ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿਚ 7,573 ਵਾਹਨ ਵੇਚੇ ਹਨ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ’ਚ 56 ਫੀਸਦੀ ਵੱਧ ਹੈ। ਮਰਸਿਡੀਜ਼-ਬੇਂਜ ਇੰਡੀਆ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਸਭ ਤੋਂ ਉੱਚੀ ਵਿਕਰੀ ਦਾ ਅੰਕੜਾ ਨਵੇਂ ਉਤਪਾਦਾਂ ਦੀ ਪੇਸ਼ਕਸ਼, ਮੌਜੂਦਾ ਉਤਪਾਦਾਂ ਅਤੇ ਸੇਵਾਵਾਂ ਲਈ ਨਿਰੰਤਰ ਮੰਗ ਕਾਰਨ ਹਾਸਲ ਹੋਇਆ ਹੈ। ਇਹ ਕੰਪਨੀ ਦਾ ਕਿਸੇ ਸਾਲ ਦੀ ਦੂਜੀ ਤਿਮਾਹੀ ’ਚ ਵਿਕਰੀ ਦਾ ਸਭ ਤੋਂ ਵੱਡਾ ਅੰਕੜਾ ਹੈ।
ਕੰਪਨੀ ਨੇ ਅਪ੍ਰੈਲ-ਜੂਨ 2021 ’ਚ 4,857 ਵਾਹਨ ਵੇਚੇ ਸਨ। ਮਰਸਿਡੀਜ਼ ਬੇਂਜ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਾਰਟਿਨ ਸ਼ਵੇਂਕ ਨੇ ਕਿਹਾ ਕਿ ਵਿਕਰੀ ਦਾ ਇਹ ਰਿਕਾਰਡ ਇਸ ਨਜ਼ਰੀਏ ਨਾਲ ਅਹਿਮ ਹੋ ਜਾਂਦੀ ਹੈ ਕਿ ਸਾਰੀਆਂ ਸਪਲਾਈ ਪੱਖ ਦੀਆਂ ਚੁਣੌਤੀਆਂ ਕਾਇਮ ਹਨ। ਇਸ ਤੋਂ ਇਲਾਵਾ ਸਥਾਨਕ ਬਾਜ਼ਾਰ ਦੀਆਂ ਕਾਫੀ ਚੁਣੌਤੀਆਂ ਨਾਲ ਵੀ ਕੰਪਨੀ ਨੂੰ ਜੂਝਣਾ ਪੈ ਰਿਹਾ ਹੈ।