ਮੈਡੀਕਲ ਪ੍ਰੀਮੀਅਮ ''ਤੇ ਛੋਟ ਵਧਾ ਕੇ ਕੀਤੀ ਜਾ ਸਕਦੀ ਹੈ 1.25 ਲੱਖ ਰੁਪਏ
Wednesday, Jan 27, 2021 - 01:26 PM (IST)
ਨਵੀਂ ਦਿੱਲੀ- 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਤੋਂ ਆਮ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਉਦਯੋਗ ਅਤੇ ਹੋਰ ਸੰਗਠਨਾਂ ਨੇ ਸਰਕਾਰ ਨਾਲ ਚਰਚਾ ਵਿਚ ਬਚਤ ਅਤੇ ਨਿਵੇਸ਼ ਦੀ ਛੋਟ ਦੀ ਹੱਦ ਵਧਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਸਰਕਾਰ ਸਾਹਮਣੇ ਮਾਲੀਆ ਵਧਾਉਣ ਦੀ ਵੀ ਸਮੱਸਿਆ ਹੈ। ਆਓ ਵੇਖੀਏ ਕਿ ਬਚਤ ਅਤੇ ਨਿਵੇਸ਼ ਦੇ ਸੰਬੰਧ ਵਿਚ ਬਜਟ ਵਿਚ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ।
ਇਨਕਮ ਟੈਕਸ ਐਕਟ ਦੀ ਧਾਰਾ 80ਡੀ ਤਹਿਤ ਸਿਹਤ ਬੀਮਾ ਪ੍ਰੀਮੀਅਮ 'ਤੇ ਟੈਕਸ ਛੋਟ ਮਿਲਦੀ ਹੈ। ਇਸ ਵੇਲੇ ਪਤੀ-ਪਤਨੀ ਅਤੇ ਬੱਚਿਆਂ ਲਈ ਬੀਮੇ 'ਤੇ 25,000 ਰੁਪਏ ਤੱਕ ਦੀ ਛੋਟ ਲਈ ਜਾ ਸਕਦੀ ਹੈ। ਮਾਂ-ਪਿਓ ਦੇ ਬੀਮਾ ਦੀ ਕਿਸ਼ਤ ਭਰਨ ਦੇ ਮਾਮਲੇ ਵਿਚ 50,000 ਰੁਪਏ ਤੱਕ ਦੀ ਛੋਟ ਕਲੇਮ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਮੌਜੂਦਾ ਸਮੇਂ ਇਹ ਛੋਟ 75,000 ਰੁਪਏ ਤੱਕ ਕਲੇਮ ਕੀਤੀ ਜਾ ਸਕਦੀ ਹੈ, ਜਿਸ ਨੂੰ ਹੁਣ ਬਜਟ ਵਿਚ ਵਧਾ ਕੇ 1.25 ਲੱਖ ਰੁਪਏ ਕੀਤਾ ਜਾ ਸਕਦਾ ਹੈ। ਵਜ੍ਹਾ ਇਹ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਮ ਲੋਕਾਂ ਦਾ ਡਾਕਟਰੀ ਖ਼ਰਚ ਕਾਫ਼ੀ ਵਧਿਆ ਹੈ।
ਜੀਵਨ ਬੀਮਾ ਪੈਨਸ਼ਨ, ਰਿਟਾਇਰਮੈਂਟ ਪਲਾਨ 'ਚ ਨਿਵੇਸ਼ 'ਤੇ ਵੀ ਛੋਟ ਸੰਭਵ
ਮੌਜੂਦਾ ਸਮੇਂ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਵਿਚ 50 ਹਜ਼ਾਰ ਰੁਪਏ ਤੱਕ ਦੇ ਜਮ੍ਹਾਂ ਰਕਮ 'ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ। ਇਹ 80ਸੀ ਵਿਚ ਉਪਲਬਧ 1.5 ਲੱਖ ਰੁਪਏ ਦੀ ਛੋਟ ਤੋਂ ਇਲਾਵਾ ਹੈ ਪਰ ਇਹ ਲਾਭ ਜੀਵਨ ਬੀਮਾ ਪੈਨਸ਼ਨ ਅਤੇ ਮਿਉਚੂਅਲ ਫੰਡ ਰਿਟਾਇਰਮੈਂਟ ਯੋਜਨਾਵਾਂ ਵਿਚ ਨਹੀਂ ਮਿਲਦਾ ਹੈ। ਬਜਟ ਵਿਚ ਇਨ੍ਹਾਂ ਨੂੰ ਵੀ ਛੋਟ ਦੇ ਦਾਇਰੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਪੀ. ਪੀ. ਐੱਫ. ਵਿਚ 3 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਛੋਟ ਦੀ ਮੰਗ
ਇੰਸਟੀਚਿ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਨੇ ਸਰਕਾਰ ਨੂੰ ਪੀ. ਪੀ. ਐੱਫ. ਵਿਚ ਨਿਵੇਸ਼ ਦੀ ਛੋਟ ਸੀਮਾ 3 ਲੱਖ ਰੁਪਏ ਕਰਨ ਦੀ ਮੰਗ ਕੀਤੀ ਹੈ। ਫਿਲਹਾਲ, ਪੀ. ਪੀ. ਐੱਫ. ਵਿਚ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਹੀ 80ਸੀ ਤਹਿਤ ਛੋਟ ਮਿਲਦੀ ਹੈ। ਆਈ. ਸੀ. ਏ. ਆਈ. ਦਾ ਕਹਿਣਾ ਹੈ ਕਿ ਜੋ ਲੋਕ ਆਪਣਾ ਕਾਰੋਬਾਰ ਉਨ੍ਹਾਂ ਨੂੰ ਈ. ਪੀ. ਐੱਫ. ਦਾ ਫਾਇਦਾ ਨਹੀਂ ਮਿਲਦਾ ਹੈ, ਅਜਿਹੇ ਲੋਕਾਂ ਲਈ ਪੀ. ਪੀ. ਐੱਫ. ਮਹੱਤਵਪੂਰਣ ਯੋਜਨਾ ਹੈ।