MDH ਨੇ ਹਿੰਦੁਸਤਾਨ ਯੂਨੀਲੀਵਰ ਨੂੰ ਆਪਣਾ ਕਾਰੋਬਾਰ ਵੇਚਣ ਦੀਆਂ ਰਿਪੋਰਟਾਂ ਨੂੰ ਕੀਤਾ ਖਾਰਜ
Thursday, Mar 24, 2022 - 11:11 AM (IST)
ਨਵੀਂ ਦਿੱਲੀ (ਭਾਸ਼ਾ) – ਮੋਹਰੀ ਮਸਾਲਾ ਕੰਪਨੀ ਐੱਮ. ਡੀ. ਐੱਚ. ਲਿਮਟਿਡ ਨੇ ਆਪਣਾ ਕਾਰੋਬਾਰ ਦਿੱਗਜ਼ ਐੱਫ. ਐੱਮ. ਸੀ. ਜੀ. ਕੰਪਨੀ ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਨੂੰ ਵੇਚਣ ਦੀ ਸੰਭਾਵਨਾ ਨੂੰ ਖਾਰਜ ਕੀਤਾ ਹੈ। ਮੀਡੀਆ ’ਚ ਆਈਆਂ ਕੁੱਝ ਖਬਰਾਂ ’ਚ ਕਿਹਾ ਗਿਆ ਸੀ ਕਿ ਐੱਮ. ਡੀ. ਐੱਚ. ਦੇ ਪ੍ਰਮੋਟਰ ਆਪਣਾ ਮਸਾਲਾ ਕਾਰੋਬਾਰ ਐੱਚ. ਯੂ. ਐੱਲ. ਨੂੰ ਵੇਚਣ ਦੇ ਸਿਲਸਿਲੇ ’ਚ ਗੱਲ ਕਰ ਰਹੇ ਹਨ। ਐੱਮ. ਡੀ. ਐੱਚ. ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ’ਤੇ ਪੋਸਟ ਕੀਤੇ ਗਏ ਇਕ ਸੰਦੇਸ਼ ’ਚ ਇਸ ਤਰ੍ਹਾਂ ਦੀਆਂ ਖਬਰਾਂ ਨੂੰ ‘ਪੂਰੀ ਤਰ੍ਹਾਂ ਗਲਤ, ਮਨਘੜ੍ਹਤ ਅਤੇ ਨਿਰਾਧਾਰ’ ਦੱਸਿਆ।
ਐੱਮ. ਡੀ. ਐੱਚ. ਦੇ ਚੇਅਰਮੈਨ ਰਾਜੀਵ ਗੁਲਾਟੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਐੱਮ. ਡੀ. ਐੱਚ. ਪ੍ਰਾਈਵੇਟ ਲਿਮਟਿਡ ਇਕ ਅਜਿਹੀ ਵਿਰਾਸਤ ਹੈ, ਜਿਸ ਨੂੰ ਮਹਾਸ਼ਯ ਚਿਮੀਲਾਲ ਜੀ ਅਤੇ ਮਹਾਸ਼ਯ ਧਰਮਪਾਲ ਜੀ ਨੇ ਪੂਰੀ ਜ਼ਿੰਦਗੀ ਅੱਗੇ ਵਧਾਇਆ। ਅਸੀਂ ਆਪਣੇ ਪੂਰੇ ਦਿਲੋਂ ਇਸ ਵਿਰਾਸਤ ਨੂੰ ਅੱਗੇ ਲਿਜਾਣ ਲਈ ਵਚਨਬੱਧ ਹਾਂ। ਰੋਜ਼ਾਨਾ ਦੀ ਵਰਤੋਂ ਵਾਲੇ ਉਤਪਾਦ ਬਣਾਉਣ ਵਾਲੀ ਕੰਪਨੀ ਐੱਚ. ਯੂ. ਐੱਲ. ਨੇ ਵੀ ਐੱਮ. ਡੀ. ਐੱਚ. ਨਾਲ ਗੱਲਬਾਤ ਚੱਲਣ ਨਾਲ ਜੁੜੀ ਖਬਰ ’ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਬਾਜ਼ਾਰ ਦੀਆਂ ਅਟਕਲਾਂ ’ਤੇ ਪ੍ਰਤੀਕਿਰਿਆ ਨਹੀਂ ਦਿੰਦੇ ਹਾਂ। ਹਾਲ ਹੀ ’ਚ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਐੱਚ. ਯੂ. ਐੱਲ. ਦੀ ਐੱਮ. ਡੀ. ਐੱਚ. ’ਚ ਹਿੱਸੇਦਾਰੀ ਦੀ ਖਰੀਦ ਲਈ ਗੱਲਬਾਤ ਚੱਲ ਰਹੀ ਹੈ। ਇਸ ਸੌਦੇ ਦਾ ਮੁੱਲ 10,000 ਕਰੋੜ ਤੋਂ ਲੈ ਕੇ 15,000 ਕਰੋੜ ਰੁਪਏ ਦਰਮਿਆਨ ਰਹਿਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਸੀ। ਐੱਫ. ਐੱਮ. ਸੀ. ਜੀ. ਖੇਤਰ ਦੀਆਂ ਹੋਰ ਵੱਡੀਆਂ ਕੰਪਨੀਆਂ ਆਈ. ਟੀ. ਸੀ. ਅਤੇ ਟਾਟਾ ਕੰਜਿਊਮਰਸ ਲਿਮਟਿਡ ਨੇ ਪਿਛਲੇ ਕੁੱਝ ਸਮੇਂ ’ਚ ਮਸਾਲਾ ਕਾਰੋਬਾਰ ’ਚ ਆਪਣੀ ਮੌਜੂਦਗੀ ਵਧਾਈ ਹੈ। ਆਈ. ਟੀ. ਸੀ. ਨੇ ਸਾਲ 2020 ’ਚ ਸਨਰਾਈਜ਼ ਫੂਡਸ ਦੀ 2,150 ਕਰੋੜ ਰੁਪਏ ’ਚ ਪ੍ਰਾਪਤੀ ਕੀਤੀ ਸੀ।