MCX ਦੇ ਇਕ ਕਰਮਚਾਰੀ ਦੀ ਕੋਵਿਡ-19 ਨਾਲ ਮੌਤ, 9 ਹੋਰ ਪਾਜ਼ੀਟਿਵ

06/06/2020 7:41:08 PM

ਮੁੰਬਈ, (ਭਾਸ਼ਾ)— ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਦੇ ਇਕ 36 ਸਾਲਾ ਕਰਮਚਾਰੀ ਦੀ ਕੋਵਿਡ-19 ਨਾਲ ਮੌਤ ਹੋ ਗਈ। ਉੱਥੇ ਹੀ, ਐਕਸਚੇਂਜ ਦੇ ਨੌ ਹੋਰ ਕਰਮਚਾਰੀ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਗਏ ਹਨ। ਇਹ ਨੌ ਕਰਮਚਾਰੀ ਕੰਪਨੀ ਦੀ ਕੋਰ ਟੀਮ ਤੋਂ ਹਨ।

ਲਾਕਡਾਊਨ ਦੌਰਾਨ ਐਕਸਚੇਂਜ ਦੇ ਕਾਰੋਬਾਰ ਨੂੰ ਜਾਰੀ ਰੱਖਣ 'ਚ ਇਹ ਕਰਮਚਾਰੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਰਮਚਾਰੀ ਦੀ ਮੌਤ ਸੋਮਵਾਰ ਨੂੰ ਹੋਈ ਸੀ।
ਇਸ ਤੋਂ ਇਲਾਵਾ ਕੋਰੋਨਾ ਪਾਜ਼ੀਟਿਵ ਨਿਕਲੇ ਨੌ ਕਰਮਚਾਰੀ, ਉਨ੍ਹਾਂ 30 ਕਰਮਚਾਰੀਆਂ 'ਚੋਂ ਹਨ ਜੋ ਮਾਰਚ 'ਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਐਕਸਚੇਂਜ ਦੇ ਅੰਧੇਰੀ ਉਪ ਨਗਰ ਦਫਤਰ 'ਚ ਵਾਰੀ-ਵਾਰੀ ਨਾਲ ਰੁਕਦੇ ਸਨ। ਹਾਲਾਂਕਿ, ਹੁਣ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਕੀ ਐਕਸਚੇਂਜ ਦੇ ਦਫਤਰ ਨੂੰ ਸੀਲ ਕੀਤਾ ਗਿਆ ਹੈ। ਜੇਕਰ ਅਜਿਹਾ ਹੈ ਤਾਂ ਐਕਸਚੇਂਜ ਕਿਵੇਂ ਕੰਮ ਕਰ ਰਿਹਾ ਹੈ। ਇਸ ਬਾਰੇ ਐਕਸਚੇਂਜ ਨੂੰ ਭੇਜੇ ਗਏ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਕੋਰੋਨਾ ਵਾਇਰਸ ਸੰਕਰਮਣ ਦਾ ਗੜ੍ਹ ਬਣ ਚੁੱਕੀ ਹੈ। ਦੇਸ਼ ਦੇ 2 ਲੱਖ ਤੋਂ ਜ਼ਿਆਦਾ ਸੰਕਰਮਣ ਦੇ ਮਾਮਲਿਆਂ 'ਚੋਂ ਇਕੱਲੇ 20 ਫੀਸਦੀ ਇੱਥੋਂ ਦੇ ਹਨ। ਵਿੱਤੀ ਸੰਸਥਾਨਾਂ ਜਿਵੇਂ ਕਿ ਐਕਸਚੇਂਜ ਅਤੇ ਰੈਗੂਲੇਟਰਾਂ ਨੇ ਸੰਚਾਲਨ ਦੀ ਨਿਰੰਤਰਤਾ ਲਈ ਕੋਰ ਟੀਮਾਂ ਬਣਾਈਆਂ ਹਨ। ਐੱਮ. ਸੀ. ਐਕਸ. ਦੇ ਮਾਮਲੇ 'ਚ ਐਕਸਚੇਂਜ ਦੇ ਸ਼ਹਿਰੀ ਦਫਤਰ 'ਚ ਕਾਰੋਬਾਰ ਦੀ ਨਿਰੰਤਰਤਾ ਲਈ 30-30 ਲੋਕਾਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ।


Sanjeev

Content Editor

Related News