ਸੋਮਵਾਰ ਤੋਂ ਭਾਰਤ ਤੇ ਅਮਰੀਕਾ ਵਿਚਕਾਰ ਖੇਤੀ ''ਤੇ ਹੋਵੇਗੀ ਚਰਚਾ

Sunday, Oct 29, 2017 - 11:24 AM (IST)

ਸੋਮਵਾਰ ਤੋਂ ਭਾਰਤ ਤੇ ਅਮਰੀਕਾ ਵਿਚਕਾਰ ਖੇਤੀ ''ਤੇ ਹੋਵੇਗੀ ਚਰਚਾ

ਨਵੀਂ ਦਿੱਲੀ— ਸੋਮਵਾਰ ਨੂੰ ਅਮਰੀਕੀ ਵਪਾਰ ਅਤੇ ਖੇਤੀਬਾੜੀ ਸਕੱਤਰ ਟੇਡ ਮੈਕਿਨੀ ਭਾਰਤ ਦੀ ਯਾਤਰਾ 'ਤੇ ਆ ਰਹੇ ਹਨ। ਇਸ ਦੌਰੇ ਦੀ ਅਹਿਮੀਅਤ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਮੈਕਿਨੀ ਪਹਿਲੀ ਵਿਦੇਸ਼ ਯਾਤਰਾ ਭਾਰਤ ਦੀ ਕਰ ਰਹੇ ਹਨ। ਉਹ ਭਾਰਤ 'ਚ ਪੰਜ ਦਿਨ ਰੁਕਣਗੇ ਅਤੇ ਉਨ੍ਹਾਂ ਨਾਲ ਖੇਤੀ ਵਪਾਰ ਵਫਦ ਵੀ ਹੋਵੇਗਾ, ਜਿਸ 'ਚ ਤਕਰੀਬਨ 50 ਕਾਰੋਬਾਰੀ ਅਤੇ ਵਪਾਰਕ ਸੰਗਠਨਾਂ ਦੇ ਨੁਮਾਇੰਦੇ ਅਤੇ ਸੂਬਾਈ ਸਰਕਾਰਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਪਿਛਲੇ 10 ਸਾਲਾਂ 'ਚ ਅਮਰੀਕਾ ਤੋਂ ਭਾਰਤ ਨੂੰ ਇੰਪੋਰਟ ਹੋਣ ਵਾਲੇ ਖੇਤੀਬਾੜੀ ਉਤਪਾਦਾਂ 'ਚ 250 ਫੀਸਦੀ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਹੁਣ ਅਮਰੀਕਾ ਦੀ ਨਜ਼ਰ ਇੱਥੇ ਦੇ ਫਲ ਤੇ ਸੁਕੇ ਮੇਵੇ ਦੇ ਬਾਜ਼ਾਰ 'ਤੇ ਹੈ। ਜਾਣਕਾਰੀ ਮੁਤਾਬਕ, ਅਮਰੀਕਾ ਵੱਲੋਂ ਭਾਰਤ 'ਤੇ ਖੇਤੀ ਵਪਾਰ ਨੂੰ ਹੋਰ ਖੋਲ੍ਹਣ ਲਈ ਦਬਾਅ ਬਣਾਇਆ ਜਾਵੇਗਾ।

ਸਾਲ 2016 'ਚ ਅਮਰੀਕਾ ਤੋਂ ਭਾਰਤ ਨੂੰ 1.3 ਅਰਬ ਡਾਲਰ ਦੇ ਖੇਤੀ ਉਤਪਾਦਾਂ ਦੀ ਬਰਾਮਦ ਹੋਈ ਸੀ। ਇਨ੍ਹਾਂ 'ਚ ਬਾਦਾਮ, ਅਖਰੋਟ ਵਰਗੇ ਉਤਪਾਦ, ਕਪਾਹ, ਦਾਲਾਂ, ਤਾਜ਼ੇ ਅਤੇ ਪ੍ਰੋਸੈਸਡ ਫਲ, ਤਿਆਰ ਖਾਦ ਉਤਪਾਦ ਪ੍ਰਮੁੱਖ ਹਨ। ਮੈਕਿਨੀ ਨੇ ਇਸ ਯਾਤਰਾ ਬਾਰੇ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਸਾਨੂੰ ਉਮੀਦ ਹੈ ਕਿ ਅਸੀਂ ਨਾ ਸਿਰਫ ਭਾਰਤੀ ਬਾਜ਼ਾਰ 'ਚ ਅਮਰੀਕੀ ਖਾਦ ਅਤੇ ਖੇਤੀ ਉਤਪਾਦਾਂ ਦੀ ਮਾਰਕੀਟਿੰਗ ਨੂੰ ਉਤਸ਼ਾਹਤ ਕਰਾਂਗੇ ਸਗੋਂ ਭਾਰਤ ਸਰਕਾਰ ਨਾਲ ਮਜ਼ਬੂਤ ਸੰਬੰਧ ਬਣਾਵਾਂਗੇ ਅਤੇ ਅਹਿਮ ਵਪਾਰਕ ਮੁੱਦਿਆਂ ਦਾ ਹੱਲ ਕੱਢਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਭਾਰਤ ਵਰਗੇ ਮਹੱਤਵਪੂਰਣ ਬਾਜ਼ਾਰ 'ਚ ਸਾਡੀ ਮੌਜੂਦਗੀ ਵਧੇ।


Related News