ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald's, ਹਾਲੇ ਕਰਮਚਾਰੀਆਂ ਨੂੰ ਭੁਗਤਾਨ ਜਾਰੀ ਰੱਖੇਗੀ
Tuesday, May 17, 2022 - 03:12 PM (IST)

ਸ਼ਿਕਾਗੋ (ਭਾਸ਼ਾ) – ਫਾਸਟਫੂਡ ਰੈਸਟੋਰੈਂਟ ਚੇਨ ਮੈਕਡਾਨਲਡਜ਼ ਨੇ ਕਿਹਾ ਕਿ ਉਸ ਨੇ ਆਪਣੇ ਰੂਸੀ ਕਾਰੋਬਾਰ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੂਸ ’ਚ ਕੰਪਨੀ ਦੇ 850 ਰੈਸਟੋਰੈਂਟ ਹਨ, ਜਿਸ ’ਚ 62,000 ਲੋਕ ਕੰਮ ਕਰਦੇ ਹਨ। ਮੈਕਡਾਨਲਡਜ਼ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸ ਤੋਂ ਬਾਹਰ ਨਿਕਲਣ ਵਾਲੀ ਪੱਛਮ ਦੀ ਇਕ ਹੋਰ ਪ੍ਰਮੁੱਖ ਕੰਪਨੀ ਹੈ। ਕੰਪਨੀ ਨੇ ਜੰਗ ਕਾਰਨ ਮਨੁੱਖੀ ਸੰਕਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਰੂਸ ’ਚ ਕਾਰੋਬਾਰ ਕਰਨਾ ਹੁਣ ‘ਸਹੀ ਨਹੀਂ ਹੈ ਅਤੇ ਨਾ ਹੀ ਇਹ ਮੈਕਡਾਨਡਜ਼ ਦੀਆਂ ਕਦਰਾਂ-ਕੀਮਤਾਂ ਮੁਤਾਬਕ ਹੈ।’
ਸ਼ਿਕਾਗੋ ਸਥਿਤ ਕੰਪਨੀ ਨੇ ਮਾਰਚ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਅਸਥਾਈ ਤੌਰ ’ਤੇ ਰੂਸ ’ਚ ਆਪਣੇ ਸਟੋਰ ਬੰਦ ਕਰ ਰਹੀ ਹੈ ਪਰ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗੀ। ਕੰਪਨੀ ਨੇ ਕਿਹਾ ਕਿ ਉਹ ਇਸ ਗੱਲ ਦੀਆਂ ਸੰਭਾਵਨਾਵਾਂ ਲੱਭ ਰਹੀ ਹੈ ਕਿ ਕੋਈ ਰੂਸੀ ਖਰੀਦਦਾਰ ਇਨ੍ਹਾਂ ਮਜ਼ਦੂਰਾਂ ਨੂੰ ਕੰਮ ’ਤੇ ਰੱਖ ਲਵੇ। ਕੰਪਨੀ ਨੇ ਕਿਹਾ ਕਿ ਉਹ ਵਿਕਰੀ ਬੰਦ ਰਹਿਣ ਤੱਕ ਉਨ੍ਹਾਂ ਨੂੰ ਭੁਗਤਾਨ ਕਰਦੀ ਰਹੇਗੀ। ਮੈਕਡਾਨਲਡਜ਼ ਨੇ ਸੰਭਾਵਿਤ ਖਰੀਦਦਾਰ ਦੀ ਪਛਾਣ ਨਹੀਂ ਦੱਸੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕ੍ਰਿਸ ਕੇਂਪਜਿੰਸਕੀ ਨੇ ਕਿਹਾ ਕਿ ਕਰਮਚਾਰੀਆਂ ਅਤੇ ਸੈਂਕੜੇ ਰੂਸੀ ਸਪਲਾਈਕਰਤਾਵਾਂ ਦੇ ਮੈਕਡਾਨਲਡਜ਼ ਪ੍ਰਤੀ ਸਮਰਪਣ ਕਾਰਨ ਇਹ ਫੈਸਲਾ ਕਾਫੀ ਔਖਾ ਸੀ। ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਹਾਲਾਂਕਿ ਸੰਸਾਰਿਕ ਭਾਈਚਾਰੇ ਲਈ ਸਾਡੀ ਵਚਨਬੱਧਤਾ ਹੈ ਅਤੇ ਸਾਨੂੰ ਆਪਣੀਆਂ ਕਦਰਾਂ-ਕੀਮਤਾਂ ’ਤੇ ਦ੍ਰਿੜ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਖ਼ਾਤੇ 'ਚ ਜਲਦ ਆ ਸਕਦੀ ਹੈ 11ਵੀਂ ਕਿਸ਼ਤ, ਇਸ ਢੰਗ ਨਾਲ ਚੈੱਕ ਕਰੋ ਆਪਣਾ ਸਟੇਟਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।