ਸਤੰਬਰ ’ਚ ਕਾਰਾਂ ਦੀ ਵਿਕਰੀ 46 ਫੀਸਦੀ ਘਟੀ’
Saturday, Oct 02, 2021 - 01:10 PM (IST)
ਨਵੀਂ ਦਿੱਲੀ/ਮੁੰਬਈ, (ਭਾਸ਼ਾ)– ਸੈਮੀ ਕੰਡਕਟਰ ਅਤੇ ਚਿੱਪ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੇਸ਼ ’ਚ ਇਸ ਸਾਲ ਸਤੰਬਰ ’ਚ ਕਾਰਾਂ ਦੀ ਵਿਕਰੀ 46 ਫੀਸਦੀ ਤੱਕ ਡਿੱਗ ਗਈ। ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੇ ਵਿਕਰੀ ਅੰਕੜਿਆਂ ਮੁਤਾਬਕ ਕੰਪਨੀ ਨੇ ਸਤੰਬਰ 2021 ’ਚ ਕੁੱਲ 86380 ਕਾਰਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਇਸੇ ਮਹੀਨੇ ਦੇ 160442 ਕਾਰਾਂ ਦੇ ਮੁਕਾਬਲੇ 46.16 ਫੀਸਦੀ ਘੱਟ ਹੈ। ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਦੱਸਿਆ ਕਿ ਸਤੰਬਰ ’ਚ ਉਸ ਦੀ ਕੁੱਲ ਵਿਕਰੀ 23.6 ਫੀਸਦੀ ਘਟ ਕੇ 45,791 ਇਕਾਈ ਰਹਿ ਗਈ । ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਵਿਚ ਵਾਹਨਾਂ ਦੀਆਂ 59,913 ਇਕਾਈਆਂ ਦੀ ਵਿਕਰੀ ਕੀਤੀ ਸੀ।
ਨਿਸਾਨ ਇੰਡੀਆ ਨੇ ਕਿਹਾ ਕਿ ਸਤੰਬਰ ’ਚ ਉਸ ਦੀ ਘਰੇਲੂ ਵਿਕਰੀ ਤਿੰਨ ਗੁਣਾ ਵਧ ਕੇ 2,816 ਇਕਾਈ ਹੋ ਗਈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ’ਚ 780 ਇਕਾਈ ਸੀ। ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਉਸ ਦੀ ਬਰਾਮਦ 5900 ਇਕਾਈ ਰਹੀ ਜੋ ਸਤੰਬਰ 2020 ’ਚ 211 ਇਕਾਈ ਸੀ। ਐਸਕਾਰਟਸ ਨੇ ਕਿਹਾ ਕਿ ਸਤੰਬਰ ’ਚ ਕੁੱਲ ਟਰੈਕਟਰ ਵਿਕਰੀ 25.6 ਫੀਸਦੀ ਘਟ ਕੇ 8,816 ਇਕਾਈ ਰਹਿ ਗਈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੇ ਪਿਛਲੇ ਸਾਲ ਇਸੇ ਮਹੀਨੇ ’ਚ ਕੁੱਲ 11851 ਇਕਾਈਆਂ ਵੇਚੀਆਂ ਸਨ। ਐਸਕਾਰਟਸ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਰ ’ਚ 7,975 ਟਰੈਕਟਰ ਵੇਚੇ ਜੋ ਸਤੰਬਰ 2020 ਦੇ 11453 ਟਰੈਕਟਰ ਦੇ ਮੁਕਾਬਲੇ 30.4 ਫੀਸਦੀ ਘੱਟ ਹੈ। ਹਾਲਾਂਕਿ ਇਸ ਦੌਰਾਨ ਬਰਾਮਦ ’ਚ ਵਾਧਾ ਦੇਖਣ ਨੂੰ ਮਿਲਿਆ। ਐੱਮ. ਜੀ. ਮੋਟਰ ਇੰਡੀਆ ਨੇ ਕਿਹਾ ਕਿ ਸੈਮੀਕੰਡਕਟਰ ਦੀ ਕਮੀ ਕਾਰਨ ਨਿਰਮਾਣ ਸਬੰਧੀ ਚੁਣੌਤੀਆਂ ਦੇ ਬਾਵਜੂਦ ਸਤੰਬਰ 2021 ’ਚ ਉਸ ਦੀ ਪ੍ਰਚੂਨ ਵਿਕਰੀ 28 ਫੀਸਦੀ ਵਧ ਕੇ 3,241 ਇਕਾਈ ਰਹੀ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 2,537 ਇਕਾਈਆਂ ਦੀ ਵਿਕਰੀ ਕੀਤੀ ਸੀ।