ਮਾਰੂਤੀ ਤੇ ਟੋਇਟਾ ਦੀ ਵਿਕਰੀ 'ਚ ਦਸੰਬਰ 2020 ਦੌਰਾਨ ਸ਼ਾਨਦਾਰ ਵਾਧਾ

01/01/2021 3:52:06 PM

ਨਵੀਂ ਦਿੱਲੀ- ਦੇਸ਼ ਦੀ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤ ਦਿਸ ਰਹੇ ਹਨ। ਦਸੰਬਰ 2020 ਵਿਚ ਮਾਰੂਤੀ ਸੁਜ਼ੂਕੀ ਅਤੇ ਟੋਇਟਾ ਕਿਰਲੋਸਕਰ ਦੀ ਵਿਕਰੀ ਚੰਗੀ ਰਹੀ। ਮਾਰੂਤੀ ਸੁਜ਼ੂਕੀ ਦੀ ਵਿਕਰੀ ਦਸੰਬਰ ਵਿਚ 20.2 ਫ਼ੀਸਦੀ ਵੱਧ ਕੇ 1,60,226 ਇਕਾਈ ਹੋ ਗਈ।

ਮਾਰੂਤੀ ਸੁਜ਼ੂਕੀ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਨੇ ਦਸੰਬਰ 2019 ਵਿਚ ਉਸ ਨੇ 1,33,296 ਵਾਹਨ ਵੇਚੇ ਸਨ, ਜੋ ਇਸ ਸਾਲ 1,60,226 ਰਹੇ। ਕੰਪਨੀ ਨੇ ਕਿਹਾ ਕਿ ਘਰੇਲੂ ਵਿਕਰੀ ਦਸੰਬਰ 2020 ਵਿਚ 17.8 ਫ਼ੀਸਦੀ ਵੱਧ ਕੇ 1,46,480 ਰਹੀ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਵਿਚ 1,24,375 ਇਕਾਈ ਸੀ। 

ਮਾਰੂਤੀ ਦੇ ਵਾਹਨਾਂ ਵਿਚ ਆਲਟੋ ਅਤੇ ਐੱਸ-ਪ੍ਰੈਸੋ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ 4.4 ਫ਼ੀਸਦੀ ਵਧੀ, ਜੋ 24,927 ਇਕਾਈ ਰਹੀ, ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਇਹ 23,883 ਇਕਾਈ ਰਹੀ ਸੀ। ਇਸੇ ਤਰ੍ਹਾਂ ਸਵਿਫਟ, ਸੈਲੇਰੀਓ, ਇਗਨਿਸ, ਬਲੇਨੋ ਤੇ ਡਿਜ਼ਾਇਰ ਵਰਗੇ ਕੰਪੈਕਟ ਵਾਹਨਾਂ ਦੀ ਵਿਕਰੀ 18.2 ਫ਼ੀਸਦੀ ਵੱਧ ਕੇ 77,641 ਇਕਾਈ ਹੋ ਗਈ। ਹਾਲਾਂਕਿ, ਦਰਮਿਆਨੇ ਆਕਾਰ ਦੀ ਸਿਡਾਨ ਸਿਆਜ਼ ਦੀ ਵਿਕਰੀ ਦਸੰਬਰ 2020 ਵਿਚ 28.9 ਫ਼ੀਸਦੀ ਘੱਟ ਕੇ 1,270 ਇਕਾਈ ਰਹਿ ਗਈ।

ਟੋਇਟਾ ਦੀ ਵਿਕਰੀ 14 ਫ਼ੀਸਦੀ ਵਧੀ-
ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਦੱਸਿਆ ਕਿ ਉਸ ਦੀ ਘਰੇਲੂ ਵਿਕਰੀ ਦਸੰਬਰ 2020 ਵਿਚ 14 ਫ਼ੀਸਦੀ ਵੱਧ ਕੇ 7,487 ਇਕਾਈ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 6,544 ਇਕਾਈ ਸੀ। ਟੀ. ਕੇ. ਐੱਮ. ਦੇ ਸੀਨੀਅਰ ਉਪ ਮੁਖੀ ਨਵੀਨ ਸੋਨੀ ਨੇ ਕਿਹਾ, "ਸਾਲ ਦੇ ਖ਼ਤਮ ਹੋਣ ਦੇ ਨਾਲ ਹੀ ਸਾਨੂੰ ਖੁਸ਼ੀ ਹੈ ਕਿ ਦਸੰਬਰ 2020 ਵਿਚ ਸਾਡੇ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫ਼ੀਸਦੀ ਵਧੀ ਹੈ।" ਉਨ੍ਹਾਂ ਕਿਹਾ ਕਿ ਡੀਲਰਾਂ ਦੇ ਆਰਡਰ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਪ੍ਰਚੂਨ ਵਿਕਰੀ ਵੀ ਬਹੁਤ ਉਤਸ਼ਾਹਜਨਕ ਹੈ।


Sanjeev

Content Editor

Related News