ਕਾਰ ਦੇ ਇੰਜਣ ’ਚ ਪਾਣੀ ਦਾਖਲ ਹੋਣ ’ਤੇ ਪੈਣ ਵਾਲੀ ਖਰਾਬੀ ਲਈ ‘ਕਵਰ’ ਮੁਹੱਈਆ ਕਰਵਾਏਗੀ ਮਾਰੂਤੀ
Thursday, Mar 17, 2022 - 10:48 AM (IST)
ਨਵੀਂ ਦਿੱਲੀ– ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਹਾਈਡ੍ਰੋਸਟੈਟਿਕ ਲਾਕ (ਇੰਜਣ ’ਚ ਪਾਣੀ ਦਾਖਲ ਹੋਣ) ਅਤੇ ਮਿਲਾਵਟੀ ਈਂਧਨ ਕਾਰਨ ਇੰਜਣ ਦੇ ਖਰਾਬ ਜਾਂ ਬੰਦ ਹੋਣ ਜਾਣ ਦੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਗਾਹਕਾਂ ਨੂੰ ਇਕ ਵਿਸ਼ੇਸ਼ ‘ਕਵਰ’ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਘਰੇਲੂ ਬਾਜ਼ਾਰ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੇ ਗਾਹਕਾਂ ਨਾਲ ਆਪਣੀ ਵਿਕਰੀ ਤੋਂ ਬਾਅਦ ਦੀ ਸੇਵਾ (ਆਫਟਰ-ਸੇਲਜ਼ ਸਰਵਿਸ) ਨੂੰ ਹੋਰ ਮਜ਼ਬੂਤ ਕਰਨ ਦੇ ਆਪਣੇ ਯਤਨਾਂ ਤਹਿਤ ਗਾਹਕ ਸਹੂਲਤ ਪੈਕੇਜ (ਸੀ. ਸੀ. ਪੀ.) ਪੇਸ਼ ਕੀਤਾ ਹੈ। ਇਸ ਪੈਕੇਜ ਦੇ ਤਹਿਤ ਵਾਹਨਾਂ ਦੇ ਇੰਜਣ ’ਚ ਪਾਣੀ ਦਾਖਲ ਹੋਣ ਜਾਂ ਗਲਤ ਅਤੇ ਮਿਲਾਵਟੀ ਈਂਧਨ ਤੋਂ ਹੋਏ ਨੁਕਸਾਨ ਨੂੰ ਕਵਰ ਕੀਤਾ ਜਾਵੇਗਾ।
ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਸੇਵਾ) ਪਾਰਥੋ ਬੈਨਰਜੀ ਨੇ ਕਿਹਾ ਕਿ ਸੜਕਾਂ ’ਤੇ ਪਾਣੀ ਭਰ ਜਾਣ ਅਤੇ ਮਿਲਾਵਟੀ ਈਂਧਨ ਕਾਰਨ ਇੰਜਣ ਦੇ ਬੰਦ ਜਾਂ ਖਰਾਬ ਹੋਣ ਦੀਆਂ ਘਟਨਾਵਾਂ ’ਚ ਪਿਛਲੇ ਕੁੱਝ ਸਾਲਾਂ ਦੌਰਾਨ ਵਾਧਾ ਦੇਖਿਆ ਗਿਆ ਹੈ। ਬੈਨਰਜੀ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਗਾਹਕਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਨਿਸ਼ਚਿਤ ਤੌਰ ’ਤੇ ਗਾਹਕਾਂ ਨੂੰ ਪਾਣੀ ਨਾਲ ਭਰੀਆਂ ਸੜਕਾਂ ਤੋਂ ਆਪਣੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਜੇ ਇੰਜਣ ’ਚ ਕੁੱਝ ਗੜਬੜ ਹੋ ਜਾਂਦੀ ਹੈ ਤਾਂ ਅਸੀਂ ਉਸ ਦਾ ਧਿਆਨ ਰੱਖਾਂਗੇ। ਉਨ੍ਹਾਂ ਨੇ ਦੱਸਿਆ ਕਿ ਗਾਹਕਾਂ ਨੂੰ ਇਸ ਪੈਕੇਜ ਦਾ ਲਾਭ ਉਠਾਉਣ ਲਈ ਮਾਮੂਲੀ ਰਕਮ ਦੇਣੀ ਹੋਵੇਗੀ। ਵੈਗਨਆਰ ਅਤੇ ਆਲਟੋ ਦੇ ਗਾਹਕਾਂ ਲਈ ਇਹ ਰਾਸ਼ੀ 500 ਰੁਪਏ ਦੇ ਲਗਭਗ ਹੋਵੇਗੀ।