ਮਾਰੂਤੀ ਸੁਜ਼ੂਕੀ ਦਾ ਮੁਨਾਫਾ 24 ਫ਼ੀਸਦੀ ਉਛਾਲ ਨਾਲ 1941 ਕਰੋੜ ਰੁ: ਰਿਹਾ
Thursday, Jan 28, 2021 - 05:14 PM (IST)
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਦਸੰਬਰ ਤਿਮਾਹੀ ਵਿਚ ਮੁਨਾਫਾ ਸਾਲ-ਦਰ-ਸਾਲ ਆਧਾਰ 'ਤੇ ਤਕਰੀਬਨ 24.1 ਫ਼ੀਸਦੀ ਵੱਧ ਕੇ 1,941.4 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 1,565 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਇਸ ਮਿਆਦ ਦੇ ਦੌਰਾਨ ਕੰਪਨੀ ਦੀ ਆਮਦਨੀ ਵਿਚ ਵੀ 13.3 ਫ਼ੀਸਦੀ ਦਾ ਵਾਧਾ ਹੋਇਆ। ਤੀਜੀ ਤਿਮਾਹੀ ਵਿਚ ਮਾਰੂਤੀ ਸੁਜ਼ੂਕੀ ਦੀ ਆਮਦਨ 13.3 ਫ਼ੀਸਦੀ ਵੱਧ ਕੇ 23,458 ਕਰੋੜ ਰੁਪਏ ਰਹੀ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਦੀ ਆਮਦਨ 20,707 ਕਰੋੜ ਰੁਪਏ ਰਹੀ ਸੀ। ਕੰਪਨੀ ਦੇ ਪ੍ਰਬੰਧਨ ਨੇ ਇਹ ਵੀ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਮੁਨਾਫੇ 'ਤੇ ਨਾਂਹ-ਪੱਖੀ ਪ੍ਰਭਾਵ ਵੀ ਪਿਆ ਹੈ।
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਉਸ ਨੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 4,95,897 ਕਾਰਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਦੀ ਇਸ ਤਿਮਾਹੀ ਨਾਲੋਂ 13.4 ਫ਼ੀਸਦੀ ਵੱਧ ਹੈ। ਘਰੇਲੂ ਬਜ਼ਾਰ ਵਿਚ ਕੰਪਨੀ ਦੀ ਵਿਕਰੀ 4,67,369 ਇਕਾਈ ਰਹੀ ਜੋ ਪਿਛਲੇ ਸਾਲ ਦੀ ਤਿਮਾਹੀ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ। ਕੰਪਨੀ ਨੇ ਦਸੰਬਰ ਤਿਮਾਹੀ ਦੌਰਾਨ 28,528 ਵਾਹਨਾਂ ਦੀ ਬਰਾਮਦ ਕੀਤੀ ਜੋ ਪਿਛਲੇ ਸਾਲ ਦੀ ਇਸ ਤਿਮਾਹੀ ਨਾਲੋਂ 20.6 ਫ਼ੀਸਦੀ ਵੱਧ ਹੈ। ਕੰਪਨੀ ਦਾ ਸੰਚਾਲਨ ਮੁਨਾਫਾ ਵਾਧਾ ਦਰ 19.3 ਫ਼ੀਸਦੀ ਰਹੀ।