ਬਾਜ਼ਾਰ 'ਚ ਸ਼ਾਨਦਾਰ ਤੇਜ਼ੀ, ਸੈਂਸੈਕਸ 49 ਹਜ਼ਾਰ, ਨਿਫਟੀ 14800 ਤੋਂ ਪਾਰ ਬੰਦ
Wednesday, Apr 28, 2021 - 03:59 PM (IST)
ਮੁੰਬਈ- ਬਾਜ਼ਾਰ ਦਾ ਲਗਾਤਾਰ ਤੀਜਾ ਕਾਰੋਬਾਰੀ ਸੈਸ਼ਨ ਸ਼ਾਨਦਾਰ ਰਿਹਾ। ਸੈਂਸੈਕਸ, ਨਿਫਟੀ 1.6 ਫ਼ੀਸਦੀ ਤੱਕ ਦੀ ਮਜਬੂਤੀ ਨਾਲ ਬੰਦ ਹੋਏ ਹਨ। ਬੀ. ਐੱਸ. ਈ. ਸੈਂਸੈਕਸ 49,000 ਤੋਂ ਅਤੇ ਨਿਫਟੀ 14,800 ਤੋਂ ਪਾਰ ਨਿਕਲ ਗਿਆ ਹੈ। ਕੋਵਿਡ-19 ਦੇ ਮਾਮਲਿਆਂ ਨੂੰ ਦਰਕਿਨਾਰ ਕਰਦੇ ਹੋਏ ਬਾਜ਼ਾਰ ਵਿਚ ਰੌਣਕ ਰਹੀ। ਨਿਵੇਸ਼ਕਾਂ ਨੇ ਬੈਂਕਿੰਗ, ਫਾਈਨੈਂਸ ਤੇ ਵਾਹਨ ਕੰਪਨੀਆਂ ਦੇ ਸਟਾਕਸ ਵਿਚ ਜਮ ਕੇ ਖ਼ਰੀਦਦਾਰੀ ਕੀਤੀ। ਉੱਥੇ ਹੀ, ਮੈਟਲ ਸੈਕਟਰ ਵਿਚ ਅੱਜ ਗਿਰਾਵਟ ਰਹੀ ਪਰ ਸੇਲ ਦਾ ਦਬਦਬਾ ਫਿਰ ਕਾਇਮ ਹੈ।
ਬੀ. ਐੱਸ. ਈ. ਦਾ ਸੈਂਸੈਕਸ 789.70 ਅੰਕ ਯਾਨੀ 1.61 ਫ਼ੀਸਦੀ ਦੀ ਬੜ੍ਹਤ ਨਾਲ 49,733.84 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 211.50 ਅੰਕ ਯਾਨੀ 1.44 ਫ਼ੀਸਦੀ ਚੜ੍ਹ ਕੇ 14,864.55 'ਤੇ ਬੰਦ ਹੋਇਆ ਹੈ। ਬੀ. ਐੱਸ. ਈ. 30 ਦੇ ਆਈ. ਟੀ. ਸੀ., ਡਾ. ਰੈੱਡੀਜ਼, ਟੀ. ਸੀ. ਐੱਸ., ਐੱਲ. ਐਂਡ ਟੀ., ਐੱਚ. ਸੀ. ਐੱਲ. ਟੈੱਕ, ਨੈਸਲੇ ਨੂੰ ਛੱਡ ਕੇ ਬਾਕੀ ਸ਼ੇਅਰਾਂ ਨੇ ਤੇਜ਼ੀ ਦਰਜ ਕੀਤੀ ਹੈ।
ਨਿਫਟੀ 50 ਵਿਚ 35 ਸਟਾਕ ਹਰੇ ਨਿਸ਼ਾਨ 'ਤੇ, 11 ਗਿਰਾਵਟ ਵਿਚ ਬੰਦ ਹੋਏ ਹਨ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਵਿਚ ਬਜਾਜ ਫਾਈਨੈਂਸ (8 ਫ਼ੀਸਦੀ) ਅੱਜ ਟਾਪ ਗੇਨਰ ਰਿਹਾ। ਇਸ ਤੋਂ ਇਲਾਵਾ ਬੀ. ਐੱਸ. ਈ. ਵਿਚ ਨੈਸਲੇ ਤੇ ਐੱਨ. ਐੱਸ. ਈ. ਵਿਚ ਬ੍ਰਿਟਾਨੀਆ ਟਾਪ ਲੂਜ਼ਰ ਰਹੇ।
ਮਿਡ, ਸਮਾਲ ਤੇ ਲਾਰਜਕੈਪ
ਬੀ. ਐੱਸ. ਈ. ਮਿਡਕੈਪ 1 ਫ਼ੀਸਦੀ ਦੀ ਤੇਜ਼ੀ ਨਾਲ 20,481.55 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਵਿਚ ਟੀ. ਵੀ. ਐੱਸ. ਮੋਟਰ ਸਭ ਤੋਂ ਵੱਧ 14 ਫ਼ੀਸਦੀ ਉਛਾਲ ਨਾਲ ਸ਼ਾਨਦਾਰ ਸਟਾਕ ਰਿਹਾ। ਸਮਾਲ ਕੈਪ ਇੰਡੈਕਸ 0.7 ਫ਼ੀਸਦੀ ਦੀ ਬੜ੍ਹਤ ਨਾਲ 21,658.44 'ਤੇ ਪਹੁੰਚ ਗਿਆ। ਇਸ ਵਿਚ ਸਪੰਦਨਾ ਸਫੋਰਟੀ 19 ਫ਼ੀਸਦੀ ਦੀ ਤੇਜ਼ੀ ਨਾਲ ਟਾਪ ਸਟਾਕ ਰਿਹਾ। ਉੱਥੇ ਹੀ, ਲਾਰਜਕੈਪ ਇੰਡੈਕਸ ਵਿਚ ਬਜਾਜ ਫਾਈਨੈਂਸ ਤੋਂ ਇਲਾਵਾ ਇੰਡਸਇੰਡ ਬੈਂਕ, ਆਇਸ਼ਰ ਮੋਟਰ, ਬਜਾਜ ਫਿਨਸਰਵ, ਐੱਸ. ਬੀ. ਆਈ. ਕਾਰਡ, ਬੜੌਦਾ ਬੈਂਕ, ਡੀ ਮਾਰਟ, ਆਈ. ਸੀ. ਆਈ. ਸੀ. ਆਈ. ਬੈਂਕ, ਕੋਟਕ ਬੈਂਕ, ਬੰਧਨ ਬੈਂਕ, ਐੱਸ. ਬੀ. ਆਈ., ਬਜਾਜ ਆਟੋ, ਐੱਚ. ਡੀ. ਐੱਫ. ਸੀ. ਬੈਂਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਮੈਟਲ ਸਟਾਕ ਦੀ ਗੱਲ ਕਰੀਏ ਤਾਂ ਸੇਲ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ ਅਤੇ ਅੱਜ 3.34 ਫ਼ੀਸਦੀ ਚੜ੍ਹ ਕੇ 103.50 'ਤੇ ਬੰਦ ਹੋਇਆ ਹੈ।