ਯਾਤਰੀ ਅਤੇ ਸਕੂਲ ਬੱਸਾਂ ’ਚ ਅੱਗ ਦੀ ਚਿਤਾਵਨੀ ਵਾਲਾ ਸਿਸਟਮ ਲਾਜ਼ਮੀ : ਸੜਕ ਮੰਤਰਾਲਾ

Sunday, Jan 30, 2022 - 07:51 PM (IST)

ਯਾਤਰੀ ਅਤੇ ਸਕੂਲ ਬੱਸਾਂ ’ਚ ਅੱਗ ਦੀ ਚਿਤਾਵਨੀ ਵਾਲਾ ਸਿਸਟਮ ਲਾਜ਼ਮੀ : ਸੜਕ ਮੰਤਰਾਲਾ

ਨਵੀਂ ਦਿੱਲੀ (ਭਾਸ਼ਾ) – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਲੰਮੀ ਦੂਰੀ ਵਾਲੀਆਂ ਯਾਤਰੀ ਬੱਸਾਂ ਅਤੇ ਸਕੂਲ ਬੱਸਾਂ ’ਚ ਫਾਇਰ ਅਲਾਰਮ ਅਤੇ ਸਪ੍ਰੇਸ਼ਨ ਸਿਸਟਮ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਲੰਮੀ ਦੂਰੀ ਤੈਅ ਕਰਨ ਲਈ ਬਣਾਈਆਂ ਗਈਆਂ ਅਤੇ ਸੰਚਾਲਿਤ ਕੀਤੀਆਂ ਜਾ ਰਹੀਆਂ ਯਾਤਰੀ ਬੱਸਾਂ ਅਤੇ ਸਕੂਲ ਬੱਸਾਂ ਦੇ ਉਸ ਹਿੱਸੇ ’ਚ ਅੱਗ ਲੱਗਣ ਤੋਂ ਬਚਾਅ ਦਾ ਸਿਸਟਮ ਲਗਾਉਣਾ ਹੋਵੇਗਾ, ਜਿੱਥੇ ਲੋਕ ਬੈਠਦੇ ਹਨ। ਇਸ ਲਈ 27 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਹੁਣ ਤੱਕ ਵਾਹਨਾਂ ਦੇ ਇੰਜਣ ਵਾਲੇ ਹਿੱਸੇ ਤੋਂ ਨਿਕਲਣ ਵਾਲੀ ਅੱਗ ਦੀ ਪਛਾਣ ਕਰਨ, ਅਲਾਰਟਮ ਵੱਜਣ ਅਤੇ ਸਪ੍ਰੇਸ਼ਨ ਸਿਸਟਮ ਦੀ ਹੀ ਵਿਵਸਥਾ ਲਾਗੂ ਰਹੀ ਹੈ। ਵਾਹਨ ਉਦਯੋਗ ਮਾਪਦੰਡ 135 ਮੁਤਾਬਕ ਇੰਜਣ ’ਚ ਅੱਗ ਲੱਗਣ ਦੀ ਸਥਿਤੀ ’ਚ ਇਹ ਸਿਸਟਮ ਚੌਕਸ ਕਰ ਦਿੰਦਾ ਹੈ।

ਸੜਕ ਆਵਾਜਾਈ ਮੰਤਰਾਲਾ ਨੇ ਕਿਹਾ ਕਿ ਟਾਈਪ-3 ਬੱਸਾਂ ਅਤੇ ਸਕੂਲ ਬੱਸਾਂ ਦੇ ਅੰਦਰ ਸਵਾਰੀਆਂ ਦੇ ਬੈਠਣ ਵਾਲੇ ਹਿੱਸੇ ’ਚ ਫਾਇਰ ਅਲਾਰਮ ਸਿਸਟਮ ਲਗਾਉਣ ਦੀ ਵਿਵਸਥਾ ਲਾਗੂ ਕੀਤੀ ਗਈ ਹੈ। ਟਾਈਪ-3 ਬੱਸਾਂ ਲੰਮੀ ਦੂਰੀ ਤੈਅ ਕਰਨ ਲਈ ਡਿਜਾਈਨ ਕੀਤੀਆਂ ਜਾਂਦੀਆਂ ਹਨ। ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਹੋਏ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਜਿਹੇ ਹਾਦਸਿਆਂ ਦੇ ਸਮੇਂ ਬੱਸਾਂ ਦੇ ਅੰਦਰ ਬੈਠੇ ਯਾਤਰੀ ਅਕਸਰ ਵਧੇਰੇ ਤਾਪਮਾਨ ਅਤੇ ਧੂੰਏ ਕਾਰਨ ਮਾਰੇ ਜਾਂਦੇ ਹਨ। ਮੰਤਰਾਲਾ ਨੇ ਆਪਣੇ ਬਿਆਨ ’ਚ ਕਿਹਾ ਕਿ ਜੇ ਸਵਾਰੀਆਂ ਦੇ ਬੈਠਣ ਵਾਲੇ ਹਿੱਸੇ ’ਚ ਹੀ ਅੱਗ ਦੀ ਚਿਤਾਵਨੀ ਦੇਣ ਵਾਲੀ ਪ੍ਰਣਾਲੀ ਲੱਗੀ ਹੋਵੇ ਤਾਂ ਇਨ੍ਹਾਂ ਹਾਦਸਿਆਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਚਿਤਾਵਨੀ ਮਿਲਣ ਤੋਂ ਬਾਅਦ ਸਵਾਰੀਆਂ ਨੂੰ ਬੱਸ ਤੋਂ ਤੁਰੰਤ ਨਿਕਲਣ ਦਾ ਸਮਾਂ ਮਿਲ ਜਾਵੇਗਾ।


author

Harinder Kaur

Content Editor

Related News