ਮਨਾਲੀ ਦੇ ਹੋਟਲ 90 ਫ਼ੀਸਦੀ ਖਾਲੀ, ਸ਼ਿਮਲਾ ਤੇ ਮੈਕਲੋਡਗੰਜ 'ਚ ਵੀ ਲਟਕੇ ਤਾਲੇ

05/11/2021 5:30:24 PM

ਸ਼ਿਮਲਾ- ਸੈਰ-ਸਪਾਟਾ ਨਗਰੀ ਮਨਾਲੀ ਵਿਚ ਹੋਟਲ ਇੰਡਸਟਰੀ 'ਤੇ ਕੋਰੋਨਾ ਦੇ ਮੱਦੇਨਜ਼ਰ ਸੰਕਟ ਦੇ ਬੱਦਲ ਛਾਏ ਹਨ। 2,000 ਹੋਟਲ ਅਤੇ ਗੈਸਟ ਹਾਊਸ ਵਾਲੇ ਮਨਾਲੀ ਸ਼ਹਿਰ ਦੇ 90 ਫ਼ੀਸਦੀ ਹੋਟਲ ਮਾਲਕਾਂ ਨੇ ਆਪਣੇ ਹੋਟਲਾਂ ਨੂੰ ਲੀਜ਼ 'ਤੇ ਦੇ ਰੱਖਿਆ ਹੈ। ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਰਗੇ ਰਾਜਾਂ ਤੋਂ ਆਏ ਲੋਕਾਂ ਨੇ ਕਈ ਸਾਲਾਂ ਤੋਂ ਮਨਾਲੀ ਵਿਚ ਹੋਟਲ ਲੀਜ਼ 'ਤੇ ਲੈ ਰੱਖੇ ਹਨ।

ਲੀਜ਼ ਹੋਲਡਰ ਹੁਣ ਮਨਾਲੀ ਤੋਂ ਹੋਟਲ ਛੱਡ ਕੇ ਭੱਜ ਰਹੇ ਹਨ। ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਹੋਟਲ ਮਾਲਕ ਦੁਵਿੱਧਾ ਵਿਚ ਹਨ। ਜਿਨ੍ਹਾਂ ਹੋਟਲ ਮਾਲਕਾਂ ਨੂੰ ਲੀਜ਼ ਦੇ ਰੂਪ ਵਿਚ ਲੱਖਾਂ ਰੁਪਏ ਸਾਲਾਨਾ ਮਿਲਦੇ ਸਨ, ਉਨ੍ਹਾਂ ਨੂੰ ਤਾਂ ਨੁਕਸਾਨ ਹੋਇਆ ਹੀ ਹੈ। ਕੋਰੋਨਾ ਕਾਲ ਵਿਚ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਾ ਮਿਲਣ ਕਾਰਨ ਟੀਸ ਵੀ ਦੋਹਾਂ ਨੂੰ ਹੈ। ਲਗਾਤਾਰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਕਈ ਲੀਜ਼ ਹੋਲਡਰ ਮਨਾਲੀ ਤੋਂ ਭੱਜ ਗਏ ਹਨ। ਕਾਂਗੜਾ ਖੇਤਰ ਵੀ ਇਸ ਤੋਂ ਪ੍ਰਭਾਵਿਤ ਹੈ।

2020 ਦੀ ਤਾਲਾਬੰਦੀ ਵਿਚ ਹੋਟਲ ਪੂਰੀ ਤਰ੍ਹਾਂ ਬੰਦ ਸਨ ਤਾਂ ਕਾਰੋਬਾਰੀਆਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਿਆ। 2021 ਸ਼ੁਰੂ ਹੁੰਦੇ ਹੀ ਕੋਰੋਨਾ ਸੰਕਰਮਣ ਵਿਚ ਕਮੀ ਆਉਣ ਤੋਂ ਬਾਅਦ ਹੋਟਲ ਵਾਲਿਆਂ ਨੇ ਰਾਹਤ ਮਹਿਸੂਸ ਕੀਤੀ। ਮੈਕਲੋਡਗੰਜ ਵਿਚ ਵੀ ਪਿਛਲੇ ਡੇਢ ਸਾਲ ਤੋਂ ਬਿਨਾਂ ਕਾਰੋਬਾਰ ਦੇ ਮੱਦੇਨਜ਼ਰ ਲਗਭਗ ਵੱਖ-ਵੱਖ ਹੋਟਲਾਂ ਦੇ 40 ਲੀਜ਼ ਹੋਲਡਰ ਲੀਜ਼ ਛੱਡ ਕੇ ਜਾ ਚੁੱਕੇ ਹਨ। ਉੱਥੇ ਹੀ, ਰਾਜਧਾਨੀ ਸ਼ਿਮਲਾ ਵਿਚ ਹੋਟਲ 533 ਰਜਿਸਟਰਡ ਹਨ। ਇਸ ਵਿਚੋਂ 40 ਫ਼ੀਸਦੀ ਹੋਟਲ ਲੀਜ਼ 'ਤੇ ਚੱਲ ਰਹੇ ਹਨ। ਕੋਰੋਨਾ ਨੇ ਜ਼ਿਆਦਾਤਰ ਹੋਟਲਾਂ ਵਿਚ ਤਾਲੇ ਲਟਕਵਾ ਦਿੱਤੇ ਹਨ। ਕੋਰੋਨਾ ਦੂਜੀ ਲਹਿਰ ਕਾਰਨ ਫਿਰ ਨੁਕਸਾਨ ਵਿਚ ਹਿਮਾਚਾਲ ਦੀ ਹੋਟਲ ਇੰਡਸਟਰੀ ਤੇ ਕਾਰੋਬਾਰੀ ਪ੍ਰੇਸ਼ਾਨ ਹਨ।


Sanjeev

Content Editor

Related News