Paytm ਯੂਜ਼ਰਸ ਧਿਆਨ ਦੇਣ! ਪੇਮੈਂਟਸ ਬੈਂਕ ਨੂੰ ਲੈ ਕੇ RBI ਦਾ ਵੱਡਾ ਅਪਡੇਟ
Wednesday, Oct 07, 2026 - 08:46 PM (IST)
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (PPBL) ਨੂੰ ਸ਼ੈਡਿਊਲਡ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। ਇਹ ਕਦਮ ਬੈਂਕ ਦਾ ਬੈਂਕਿੰਗ ਲਾਇਸੈਂਸ ਰੱਦ ਕੀਤੇ ਜਾਣ ਤੋਂ ਬਾਅਦ ਦੀ ਨਿਯਮਤ ਪ੍ਰਕਿਰਿਆ ਵਜੋਂ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਨੇ ਅਪ੍ਰੈਲ 2026 ਵਿੱਚ ਪੇਟੀਐੱਮ ਪੇਮੈਂਟਸ ਬੈਂਕ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਸੀ।
ਕੇਂਦਰੀ ਬੈਂਕ ਅਨੁਸਾਰ 24 ਅਪ੍ਰੈਲ 2026 ਨੂੰ ਲਾਇਸੈਂਸ ਰੱਦ ਕਰਦਿਆਂ ਦੱਸਿਆ ਗਿਆ ਸੀ ਕਿ ਬੈਂਕ ਦੇ ਕੰਮਕਾਜ ਅਤੇ ਪ੍ਰਬੰਧਨ ਨਾਲ ਜਮ੍ਹਾਂਕਰਤਾਵਾਂ ਦੇ ਹਿੱਤ ਪ੍ਰਭਾਵਿਤ ਹੋ ਰਹੇ ਸਨ। ਇਸ ਤੋਂ ਇਲਾਵਾ ਬੈਂਕ ਲਾਇਸੈਂਸ ਦੀਆਂ ਸ਼ਰਤਾਂ ਅਤੇ ਬੈਂਕਿੰਗ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਸੀ। ਇਸ ਤੋਂ ਬਾਅਦ ਬੈਂਕ ਦੇ ਬੈਂਕਿੰਗ ਕਾਰੋਬਾਰ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਦਿੱਲੀ ਹਾਈ ਕੋਰਟ ਨੇ ਜੁਲਾਈ 2026 ਵਿੱਚ ਬੈਂਕ ਨੂੰ ਬੰਦ ਕਰਨ ਦਾ ਆਦੇਸ਼ ਦਿੰਦਿਆਂ ਸਰਕਾਰੀ ਲਿਕਵਿਡੇਟਰ ਦੀ ਨਿਯੁਕਤੀ ਕੀਤੀ ਸੀ।
ਆਰ.ਬੀ.ਆਈ. ਐਕਟ, 1934 ਦੀ ਦੂਜੀ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਸ਼ੈਡਿਊਲਡ ਬੈਂਕ ਮੰਨਿਆ ਜਾਂਦਾ ਹੈ। ਅਜਿਹੇ ਬੈਂਕਾਂ ਨੂੰ ਆਰ.ਬੀ.ਆਈ. ਤੋਂ ਬੈਂਕ ਦਰ 'ਤੇ ਕਰਜ਼ਾ ਲੈਣ ਅਤੇ ਕਲੀਅਰਿੰਗ ਹਾਊਸ ਦੀ ਮੈਂਬਰਸ਼ਿਪ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸ ਸੂਚੀ ਤੋਂ ਹਟਾਏ ਜਾਣ ਦਾ ਮਤਲਬ ਹੈ ਕਿ ਪੇਟੀਐੱਮ ਪੇਮੈਂਟਸ ਬੈਂਕ ਹੁਣ ਆਮ ਬੈਂਕਿੰਗ ਗਤੀਵਿਧੀਆਂ ਸੰਚਾਲਿਤ ਕਰਨ ਵਾਲਾ ਸ਼ੈਡਿਊਲਡ ਬੈਂਕ ਨਹੀਂ ਰਿਹਾ ਹੈ।
ਆਰ.ਬੀ.ਆਈ. ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਗਾਹਕਾਂ ਨੂੰ ਬੈਂਕ ਵਿੱਚ ਮੌਜੂਦ ਆਪਣੇ ਉਪਲਬਧ ਬੈਲੈਂਸ ਨੂੰ ਕੱਢਣ ਜਾਂ ਵਰਤਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਪੇਟੀਐੱਮ ਐਪ ਦੀਆਂ ਹੋਰ ਭੁਗਤਾਨ ਸੇਵਾਵਾਂ ਦੂਜੀਆਂ ਪਾਰਟਨਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਰਾਹੀਂ ਜਾਰੀ ਰਹਿ ਸਕਦੀਆਂ ਹਨ।
