ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ
Tuesday, Apr 25, 2023 - 04:42 PM (IST)
ਨਵੀਂ ਦਿੱਲੀ–ਨਵੀਂ ਆਮਦ ਦੇ ਦਬਾਅ ’ਚ ਮੱਕੀ ਦੇ ਰੇਟ ਡਿੱਗ ਗਏ ਹਨ। ਇਨੀਂ ਦਿਨੀਂ ਹਾੜ੍ਹੀ ਸੀਜ਼ਨ ਵਾਲੀ ਮੱਕੀ ਦੀ ਬਿਹਾਰ, ਮਹਾਰਾਸ਼ਟਰ, ਤੇਲੰਗਾਨਾ ਆਦਿ ਉਤਪਾਦਕ ਸੂਬਿਆਂ ’ਚ ਆਮਦ ਹੋ ਰਹੀ ਹੈ ਅਤੇ ਇਸ ਦੀ ਪੈਦਾਵਾਰ ਵਧਣ ਦਾ ਅਨੁਮਾਨ ਹੈ, ਜਿਸ ਨਾਲ ਇਸ ਦੇ ਰੇਟ ਡਿਗ ਕੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੀ ਹੇਠਾਂ ਆ ਚੁੱਕੇ ਹਨ।
ਹਾੜੀ ਸੀਜ਼ਨ ਦੇ ਮੱਕੀ ਉਤਪਾਦਨ ’ਚ 30 ਫੀਸਦੀ ਤੋਂ ਵੱਧ ਹਿੱਸੇਦਾਰੀ ਬਿਹਾਰ ਦੀ ਹੈ। ਬਿਹਾਰ ਸਥਿਤ ਮੱਕੀ ਦੀ ਬੈਂਚਮਾਰਕ ਗੁਲਾਬਬਾਗ ਮੰਡੀ ’ਚ ਮੱਕੀ 1,870 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਇਹ ਭਾਅ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ 1,962 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਮੱਕੀ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ। ਇਸ ਤਰ੍ਹਾਂ ਇਸ ਮਹੀਨੇ ਮੱਕੀ ਦੇ ਭਾਅ 25 ਫੀਸਦੀ ਤੱਕ ਡਿਗ ਚੁੱਕੇ ਹਨ। ਮਹਾਰਾਸ਼ਟਰ ਦੀਆਂ ਮੰਡੀਆਂ ’ਚ ਵੀ ਭਾਅ 200 ਤੋਂ 300 ਰੁਪਏ ਡਿਗ ਕੇ 1800 ਤੋਂ 2000 ਰੁਪਏ ਪ੍ਰਤੀ ਕੁਇੰਟਲ ਰਹਿ ਗਏ ਹਨ।
ਇਹ ਵੀ ਪੜ੍ਹੋ- ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ 'ਚ 27 ਫ਼ੀਸਦੀ ਵਧਿਆ
ਵਧੇਰੇ ਉਤਪਾਦਨ ਕਾਰਣ ਆਮਦ ਵੀ ਜ਼ਿਆਦਾ, ਇਸ ਲਈ ਭਾਅ ਨਰਮ
ਜਿਣਸ ਵਿਸ਼ਲੇਸ਼ਕ ਅਤੇ ਐਗਰੀਟੈੱਕ ਕੰਪਨੀ ਗ੍ਰੀਨ ਐਗਰੋਵਾਲਿਊਏਸ਼ਨ ਪ੍ਰਾਈਵੇਟ ਲਿਮਟਿਡ ’ਚ ਰਿਸਰਚ ਮੁਖੀ ਇੰਦਰਜੀਤ ਪਾਲ ਨੇ ਦੱਸਿਆ ਕਿ ਕਾਰੋਬਾਰੀ ਅਨੁਮਾਨ ਮੁਤਾਬਕ ਇਸ ਸਾਲ ਹਾੜੀ ਸੀਜ਼ਨ ’ਚ ਮੱਕੀ ਦਾ ਉਤਪਾਦਨ 105 ਲੱਖ ਟਨ ਰਹਿਣ ਦਾ ਅਨੁਮਾਨ ਹੈ। ਪਿਛਲੇ ਹਾੜੀ ਸੀਜ਼ਨ ’ਚ ਇਹ ਅੰਕੜਾ 90 ਲੱਖ ਟਨ ਸੀ। ਇਸ ਮਹੀਨੇ ਤੋਂ ਨਵੀਂ ਮੱਕੀ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਪਿਛਲੇ 10 ਦਿਨਾਂ ਤੋਂ ਇਹ ਜ਼ੋਰ ਫੜ ਰਹੀ ਹੈ। ਇਸ ਮਹੀਨੇ ਹੁਣ ਤੱਕ ਕਰੀਬ 2.49 ਲੱਖ ਟਨ ਮੱਕੀ ਦੀ ਆਮਦ ਹੋ ਚੁੱਕੀ ਹੈ ਜੋ ਪਿਛਲੇ ਸਾਲ ਇਸੇ ਮਿਆਦ ’ਚ ਕਰੀਬ 2.02 ਲੱਖ ਟਨ ਮੱਕੀ ਦੀ ਆਮਦ ਤੋਂ ਕਰੀਬ 23 ਫੀਸਦੀ ਵੱਧ ਹੈ। ਪਾਲ ਕਹਿੰਦੇ ਹਨ ਕਿ ਪਿਛਲੇ ਮਹੀਨੇ ਦੇ ਅਖੀਰ ’ਚ ਮੱਕੀ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ ਜੋ ਹੁਣ ਨਵੀਂ ਆਮਦ ਦੇ ਦਬਾਅ ’ਚ ਐੱਮ. ਐੱਸ. ਪੀ. ਤੋਂ ਹੇਠਾਂ ਆ ਗਈ ਹੈ। ਮਹਾਰਾਸ਼ਟਰ ਦੇ ਮੱਕੀ ਕਾਰੋਬਾਰੀ ਮਦਨਲਾਲ ਨੇ ਕਿਹਾ ਕਿ ਨਵੀਂ ਆਮਦ ਦਾ ਦਬਾਅ ਵਧਣ ਤੋਂ ਬਾਅਦ ਮੱਕੀ ਦੇ ਭਾਅ 300 ਰੁਪਏ ਪ੍ਰਤੀ ਕੁਇੰਟਲ ਤੱਕ ਡਿਗ ਚੁੱਕੇ ਹਨ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਅੱਗੇ ਜ਼ਿਆਦਾ ਭਾਅ ਡਿਗਣ ਦੀ ਸੰਭਾਵਨਾ ਨਹੀਂ
ਪਾਲ ਨੇ ਕਿਹਾ ਕਿ ਮੱਕੀ ਦੇ ਭਾਅ ਕਾਫੀ ਡਿਗ ਚੁੱਕੇ ਹਨ। ਅਜਿਹੇ ’ਚ ਅੱਗੇ ਇਸ ਦੀਆਂ ਕੀਮਤਾਂ ’ਚ ਬਹੁਤ ਗਿਰਾਵਟ ਦੀ ਸੰਭਾਵਨਾ ਨਹੀਂ ਹੈ। ਅਗਲੇ ਮਹੀਨੇ ਤੋਂ ਮੱਕੀ ਦੀ ਆਮਦ ਵੀ ਕਮਜ਼ੋਰ ਪੈਣ ਲੱਗੇਗੀ। ਪੋਲਟਰੀ ਫੀਡ ਨਿਰਮਾਤਾ ਵੀ ਹੇਠਲੇ ਭਾਅ ’ਤੇ ਖਰੀਦ ਵਧਾ ਸਕਦੇ ਹਨ, ਜਿਸ ਨਾਲ ਮੱਕੀ ਦੀਆਂ ਕੀਮਤਾਂ ’ਚ ਗਿਰਾਵਟ ਰੁਕੇਗੀ। ਮਦਨਲਾਲ ਵੀ ਮੰਨਦੇ ਹਨ ਕਿ ਹੁਣ ਮੱਕੀ ਦੀਆਂ ਕੀਮਤਾਂ ’ਚ ਗਿਰਾਵਟ ਦੇ ਆਸਾਰ ਘੱਟ ਹਨ। ਹਾਲੇ ਤੱਕ ਲੋਕ ਖਰੀਦਦਾਰੀ ਲਈ ਭਾਅ ਹੇਠਾਂ ਆਉਣ ਦੀ ਉਮੀਕ ਕਰ ਰਹੇ ਸਨ। ਕਿਉਂਕਿ ਹੁਣ ਭਾਅ ਕਾਫੀ ਹੇਠਾਂ ਆ ਚੁੱਕੇ ਹਨ, ਅਜਿਹੇ ’ਚ ਖਰੀਦ ਵਧਣ ਨਾਲ ਕੀਮਤਾਂ ’ਚ ਸੁਧਾਰ ਹੋ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।