ਮਹਿੰਦਰਾ ਨੇ ਕਾਰਾਂ ਦੇ ਵਧਾਏ ਰੇਟ, ਅਗਸਤ ਤੋਂ ਹੋਣਗੇ ਲਾਗੂ

Monday, Jul 30, 2018 - 03:54 PM (IST)

ਮਹਿੰਦਰਾ ਨੇ ਕਾਰਾਂ ਦੇ ਵਧਾਏ ਰੇਟ, ਅਗਸਤ ਤੋਂ ਹੋਣਗੇ ਲਾਗੂ

ਨਵੀਂ ਦਿੱਲੀ— ਜੇਕਰ ਤੁਸੀਂ ਮਹਿੰਦਰਾ ਦੀ ਗੱਡੀ ਖਰੀਦਣ ਜਾ ਰਹੇ ਹੋ ਤਾਂ ਹੁਣ ਤੁਹਾਨੂੰ ਇਸ ਲਈ ਪਹਿਲਾਂ ਨਾਲੋਂ ਵਧ ਕੀਮਤ ਖਰਚ ਕਰਨੀ ਹੋਵੇਗੀ। ਮਹਿੰਦਰਾ ਨੇ ਯਾਤਰੀ ਵਾਹਨਾਂ ਦੀਆਂ ਕੀਮਤਾਂ 30,000 ਰੁਪਏ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਕੀਮਤਾਂ 'ਚ ਵਾਧਾ ਪਹਿਲੀ ਅਗਸਤ 2018 ਤੋਂ ਲਾਗੂ ਹੋ ਜਾਵੇਗਾ। ਉੱਥੇ ਹੀ ਹੋਰ ਕੰਪਨੀਆਂ ਵੀ ਜਲਦ ਹੀ ਕੀਮਤਾਂ ਵਧਾਉਣ ਦਾ ਐਲਾਨ ਕਰ ਸਕਦੀਆਂ ਹਨ।
ਮਹਿੰਦਰਾ ਗਰੁੱਪ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਯਾਤਰੀ ਵਾਹਨਾਂ ਦੀ ਕੀਮਤ 30,000 ਰੁਪਏ ਜਾਂ 2 ਫੀਸਦੀ ਤਕ ਵਧਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਅਜਿਹਾ ਕਮੋਡਿਟੀ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਬੋਝ ਨੂੰ ਘਟ ਕਰਨ ਲਈ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ 'ਚ ਆਟੋਮੋਟਿਵ ਸੈਕਟਰ ਦੇ ਮੁਖੀ ਰਾਜਨ ਵਢੇਰਾ ਨੇ ਕਿਹਾ ਕਿ ਨਿਰਮਾਣ ਲਾਗਤ ਵਧਣ ਦੇ ਮੱਦੇਨਜ਼ਰ ਕੰਪਨੀ ਕੁਝ ਮਾਡਲਾਂ ਦੀ ਕੀਮਤ ਅਗਸਤ ਮਹੀਨੇ ਤੋਂ 2 ਫੀਸਦੀ ਤਕ ਵਧਾਉਣ ਜਾ ਰਹੀ ਹੈ।

ਕੰਪਨੀ ਐਕਸ. ਯੂ. ਵੀ.-500, ਸਕਾਰਪੀਓ, ਟੀ. ਯੂ. ਵੀ.-300 ਅਤੇ ਕੇ. ਯੂ. ਵੀ.-100 ਵਰਗੇ ਪਾਪੁਲਰ ਯਾਤਰੀ ਵਾਹਨ ਵੇਚਦੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਟਾਟਾ ਮੋਟਰਜ਼ ਨੇ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। 2.36 ਲੱਖ ਰੁਪਏ ਦੀ ਛੋਟੀ ਕਾਰ ਨੈਨੋ ਤੋਂ ਲੈ ਕੇ 17.89 ਲੱਖ ਰੁਪਏ ਤਕ ਦੀ ਐੱਸ. ਯੂ. ਵੀ. ਹੈਕਸਾ ਵੇਚਣ ਵਾਲੀ ਟਾਟਾ ਮੋਟਰਜ਼ ਆਪਣੇ ਵਾਹਨਾਂ ਦੀ ਕੀਮਤ 2.2 ਫੀਸਦੀ ਵਧਾਉਣ ਜਾ ਰਹੀ ਹੈ, ਜੋ ਕਿ ਅਗਸਤ 'ਚ ਲਾਗੂ ਹੋਵੇਗੀ।


Related News