ਮਹਿੰਦਰਾ ਐਂਡ ਮਹਿੰਦਰਾ ਦੀ ਦੱਖਣ ਕੋਰੀਆਈ ਇਕਾਈ ਨੇ ਦਿਵਾਲੀਆ ਲਈ ਕੀਤਾ ਅਪਲਾਈ
Tuesday, Dec 22, 2020 - 09:04 AM (IST)
ਨਵੀਂ ਦਿੱਲੀ (ਭਾਸ਼ਾ) - ਮਹਿੰਦਰਾ ਐਂਡ ਮਹਿੰਦਰਾ ਦੀ ਘਾਟੇ ’ਚ ਚੱਲ ਰਹੀ ਦੱਖਣ ਕੋਰੀਆਈ ਇਕਾਈ ਸੈਂਗਯੋਂਗ ਮੋਟਰ ਕੰਪਨੀ (ਐੱਸ. ਵਾਈ. ਐੱਮ. ਸੀ.) ਨੇ ਦਿਵਾਲੀਆ ਕਾਰਵਾਈ ਲਈ ਅਪਲਾਈ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਇਹ ਜਾਣਕਾਰੀ ਦਿੱਤੀ।
ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਐੱਸ. ਵਾਈ. ਐੱਮ. ਸੀ. ਨੇ ਦੱਖਣ ਕੋਰੀਆ ਦੇ ਕਰਜ਼ਦਾਰ ਮੁੜ-ਵਸੇਬਾ ਅਤੇ ਇਨਸਾਲਵੈਂਸੀ ਕਾਨੂੰਨ ਤਹਿਤ ਸਿਓਲ ਦੀ ਦਿਵਾਲੀਆਪਨ ਅਦਾਲਤ ’ਚ ਮੁੜ-ਵਸੇਬਾ ਪ੍ਰਕਿਰਿਆ ਸ਼ੁਰੂ ਕਰਨ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਸੰਕਟਗ੍ਰਸਤ ਵਾਹਨ ਕੰਪਨੀ ਨੇ ਨਿੱਜੀ ਮੁੜਗਠਨ ਸਮਰਥਨ (ਏ. ਆਰ. ਐੱਸ.) ਪ੍ਰੋਗਰਾਮ ਲਈ ਅਪਲਾਈ ਕੀਤਾ ਹੈ। ਇਹ ਅਦਾਲਤ ਵਲੋਂ ਤਿਆਰ ਪ੍ਰਕਿਰਿਆ ਹੁੰਦੀ ਹੈ।
ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਜੇਕਰ ਅਦਾਲਤ ਏ. ਆਰ. ਐੱਸ. ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਐੱਸ. ਵਾਈ. ਐੱਮ. ਸੀ. ਆਪਣੇ ਬੋਰਡ ਦੀ ਨਿਗਰਾਨੀ ’ਚ ਕਾਰੋਬਾਰ ਜਾਰੀ ਰੱਖੇਗੀ ਅਤੇ ਅੰਸ਼ਧਾਰਕਾਂ ਦੇ ਨਾਲ ਮੁੜ-ਸੁਰਜੀਤੀ ਪੈਕੇਜ ’ਤੇ ਸਹਿਮਤੀ ਲਈ ਗੱਲਬਾਤ ਕਰੇਗੀ। ਕੰਪਨੀ ਨੇ ਕਿਹਾ ਕਿ ਇਹ ਮੁੜ-ਸੁਰਜੀਤੀ ਪੈਕੇਜ ਇਕਵਿਟੀ ਜਾਂ ਕਰਜ਼ਾ ਅਤੇ ਸਬੰਧਤ ਕਾਰਵਾਈ ਦੇ ਰੂਪ ’ਚ ਹੋ ਸਕਦਾ ਹੈ। ਹਾਲਾਂਕਿ, ਕੰਪਨੀ ਨੂੰ ਇਨ੍ਹਾਂ ’ਚੋਂ ਕੁਝ ਫੈਸਲਿਆਂ ਲਈ ਅਦਾਲਤ ਦੀ ਮਨਜ਼ੂਰੀ ਲੈਣੀ ਹੋਵੇਗੀ। ਕੰਪਨੀ ਨੇ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਸੀ ਕਿ ਐੱਸ. ਵਾਈ. ਐੱਮ. ਸੀ. ਲਗਭਗ 60 ਅਰਬ ਕੇ. ਆਰ. ਡਬਲਯੂ. (408 ਕਰੋਡ਼ ਰੁਪਏ) ਦੇ ਕਰਜ਼ਾ ਭੁਗਤਾਨ ’ਚ ਖੁੰਝ ਗਈ ਹੈ। ਦੱਖਣ ਕੋਰੀਆਈ ਕੰਪਨੀ ’ਤੇ ਲਗਭਗ 100 ਅਰਬ ਕੋਰਿਆਈ ਵਾਨ ਯਾਨੀ 680 ਕਰੋਡ਼ ਰੁਪਏ ਦਾ ਕਰਜ਼ਾ ਹੈ। ਇਸ ਸਾਲ ਅਪ੍ਰੈਲ ’ਚ ਮਹਿੰਦਰਾ ਐਂਡ ਮਹਿੰਦਰਾ ਨੇ ਐੱਸ. ਵਾਈ. ਐੱਮ. ਸੀ. ’ਚ ਨਵੀਂ ਇਕਵਿਟੀ ਪਾਉਣ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਸੀ। ਮੁੰਬਈ ਦੀ ਵਾਹਨ ਕੰਪਨੀ ਨੇ 2010 ’ਚ ਘਾਟੇ ’ਚ ਚੱਲ ਰਹੀ ਸੈਂਗਯੋਂਗ ਦੀ ਅਕਵਾਇਰਮੈਂਟ ਕੀਤੀ ਸੀ।