ਪੰਜਾਬ ਮੇਲ ਦੀ ਟਿਕਟ ਹੋਈ ਮਹਿੰਗੀ, ਤੁਹਾਡੀ ਜੇਬ ''ਤੇ ਹੁਣ ਇੰਨਾ ਪਵੇਗਾ ਭਾਰ
Wednesday, Jan 01, 2020 - 02:43 PM (IST)

ਨਵੀਂ ਦਿੱਲੀ— ਸਰਕਾਰ ਵੱਲੋਂ ਕਿਰਾਏ ਵਧਾਉਣ ਨਾਲ ਪੰਜਾਬ ਮੇਲ ਦੇ ਸਲੀਪਰ ਕਲਾਸ ਮੁਸਾਫਰਾਂ ਨੂੰ ਦਿੱਲੀ ਤੋਂ ਮੁੰਬਈ ਦੀ ਟਿਕਟ ਹੁਣ 665 ਰੁਪਏ 'ਚ ਮਿਲੇਗੀ, ਜੋ ਪਹਿਲਾਂ 640 ਰੁਪਏ 'ਚ ਮਿਲ ਰਹੀ ਸੀ। ਇਸ ਤੋਂ ਇਲਾਵਾ ਪਹਿਲੀ, ਦੂਜੀ ਤੇ ਤੀਜੀ ਸ਼੍ਰੇਣੀ ਦੇ ਏ. ਸੀ. ਕੋਚਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਪਹਿਲਾਂ ਨਾਲੋਂ 50 ਰੁਪਏ ਵੱਧ ਖਰਚ ਕਰਨੇ ਪੈਣਗੇ। ਫਸਟ ਏ. ਸੀ. ਲਈ 4,230 ਰੁਪਏ, ਸੈਕੰਡ ਏ. ਸੀ. ਦਾ ਕਿਰਾਇਆ 2,490 ਰੁਪਏ ਤੇ ਥਰਡ ਏ. ਸੀ. ਕੋਚ ਦੀ ਟਿਕਟ 1,735 ਰੁਪਏ ਹੋ ਗਈ ਹੈ।
ਹਾਲਾਂਕਿ, ਸਰਕਾਰ ਨੇ ਕਿਰਾਇਆਂ 'ਚ ਹਲਕਾ ਵਾਧਾ ਕੀਤਾ ਹੈ ਪਰ ਲੰਮੇ ਰੂਟਾਂ ਦੇ ਮੁਸਾਫਰਾਂ ਨੂੰ ਇਹ ਮਹਿੰਗਾ ਲੱਗ ਸਕਦਾ ਹੈ। ਭਾਰਤੀ ਰੇਲਵੇ ਨੇ ਰੈਵੇਨਿਊ ਵਧਾਉਣ ਲਈ ਸਾਧਾਰਣ ਗੱਡੀ ਦੀ ਨਾਨ-ਏ. ਸੀ. ਕਲਾਸ ਦਾ ਕਿਰਾਇਆ 1 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਹੈ, ਜਦੋਂ ਕਿ ਮੇਲ/ਐਕਸਪ੍ਰੈੱਸ ਦੀ ਨਾਨ-ਏ. ਸੀ. ਕਲਾਸ ਦੇ ਕਿਰਾਏ 'ਚ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ. ਸੀ. ਕਲਾਸਾਂ ਦੇ ਕਿਰਾਏ 'ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਉੱਥੇ ਹੀ, ਉਪਨਗਰੀ ਤੇ ਸੀਜ਼ਨ ਟਿਕਟਾਂ ਦੇ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈੱਸ ਦਾ ਵੀ ਸਫਰ 50 ਰੁਪਏ ਮਹਿੰਗਾ ਹੋ ਗਿਆ ਹੈ। ਸ਼ਤਾਬਦੀ ਮੁਸਾਫਰਾਂ ਨੂੰ ਵੀ ਜੇਬ ਹਲਕੀ ਕਰਨੀ ਪਵੇਗੀ।