4275 ਕਰੋਡ਼ ਦਾ ਲੋਨ ਡਿਫਾਲਟ , ਲੁਧਿਆਣਾ ਦੀ SEL ਉਕਾਈ ਕਰਨ ਵਾਲਿਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ

10/12/2019 10:49:34 AM

ਨਵੀਂ ਦਿੱਲੀ — ਕੰਪਨੀ ਮਾਮਲਿਆਂ ਦੇ ਮੰਤਰਾਲਾ (ਐੱਮ. ਸੀ. ਏ.) ਦੀ ਰਾਡਾਰ ’ਤੇ ਹੁਣ ਲੁਧਿਆਣਾ ਦੀ ਕੰਪਨੀ ਐੱਸ. ਈ. ਐੱਲ. ਮੈਨੂਫੈਕਚਰਿੰਗ ਹੈ। ਉਹ ਉਸ ਵੱਲੋਂ ਬੈਂਕਾਂ ਦੇ 4000 ਕਰੋਡ਼ ਰੁਪਏ ਤੋਂ ਵੱਧ ਦਾ ਕਰਜ਼ਾ ਚੁਕਾਉਣ ’ਚ ਉਕਾਈ ਕਰਨ ਦੇ ਮਾਮਲੇ ਦੀ ਜਾਂਚ ਕਰੇਗਾ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਐੱਸ. ਈ. ਐੱਲ. ਮੈਨੂਫੈਕਚਰਿੰਗ ’ਤੇ ਕਰੀਬ 4275 ਕਰੋਡ਼ ਰੁਪਏ ਦਾ ਕਰਜ਼ਾ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਤਿਆਰ ਕੀਤੀ ਗਈ ਉਕਾਈ ਕਰਨ ਵਾਲੀਆਂ ਦੀ ਸੂਚੀ ’ਚ ਕੰਪਨੀ ਦੂਜੇ ਸਥਾਨ ’ਤੇ ਹੈ, ਜਿਨ੍ਹਾਂ ਨੂੰ ਦੀਵਾਲੀਅਾ ਅਤੇ ਕਰਜ਼ਾ ਸੋਧ ਅਸਮਰੱਥਾ ਪ੍ਰਕਿਰਿਅਾ ਤਹਿਤ ਪਾਇਆ ਗਿਆ ਹੈ। ਹਾਲ ਹੀ ’ਚ ਉੱਤਰੀ ਖੇਤਰ ਦੇ ਖੇਤਰੀ ਨਿਰਦੇਸ਼ਕ ਦਫਤਰ ਨੇ ਕੰਪਨੀ ਖਿਲਾਫ ਸ਼ੁਰੂਆਤੀ ਜਾਂਚ ਪੂਰੀ ਕੀਤੀ ਹੈ। ਉੱਚ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਦੇ ਆਧਾਰ ’ਤੇ ਅਸੀਂ ਜਾਂਚ ਦੀ ਸਿਫਾਰਿਸ਼ ਕੀਤੀ ਹੈ, ਜਿਸ ’ਚ ਇਹ ਵੇਖਿਆ ਜਾਵੇਗਾ ਕਿ ਕੀ ਕੋਈ ਗਡ਼ਬਡ਼ੀ ਕੀਤੀ ਗਈ ਹੈ।

ਕਰਜ਼ਾ ਸੋਧ ਅਸਮਰੱਥਾ ਅਤੇ ਦੀਵਾਲੀਅਾ ਐਕਟ 2016 (ਆਈ. ਬੀ. ਸੀ.) ਤਹਿਤ ਕਾਰਪੋਰੇਟ ਦੀਵਾਲੀਅਾ ਹੱਲ ਪ੍ਰਕਿਰਿਅਾ (ਸੀ. ਆਰ. ਆਈ. ਪੀ.) ਕੰਪਨੀ ਖਿਲਾਫ ਉਦੋਂ ਸ਼ੁਰੂ ਕੀਤੀ ਗਈ, ਜਦੋਂ ਭਾਰਤੀ ਸਟੇਟ ਬੈਂਕ ਨੇ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਦੀ ਹੈਸੀਅਤ ਨਾਲ ਅਕਤੂਬਰ 2017 ’ਚ ਪਟੀਸ਼ਨ ਦਾਖਲ ਕੀਤੀ ਅਤੇ ਇਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਚੰਡੀਗੜ੍ਹ ਨੇ ਸਵੀਕਾਰ ਕਰ ਲਿਆ। ਪੰਜਾਬ ਅੈਂਡ ਹਰਿਆਣਾ ਹਾਈਕੋਰਟ ਦੇ 22 ਜੂਨ 2018 ਦੇ ਫੈਸਲੇ ਤੋਂ ਬਾਅਦ ਪ੍ਰਕਿਰਿਅਾ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਸੀ, ਜਿਸ ਨੂੰ ਹਾਲ ਹੀ ’ਚ ਫਿਰ ਸ਼ੁਰੂ ਕੀਤਾ ਗਿਆ ਹੈ।

 

ਈ-ਮੇਲ ਦਾ ਕੰਪਨੀ ਨੇ ਨਹੀਂ ਦਿੱਤਾ ਜਵਾਬ

ਇਸ ਸਿਲਸਿਲੇ ’ਚ ਭੇਜੇ ਗਏ ਈ-ਮੇਲ ਦਾ ਐੱਸ. ਈ. ਐੱਲ. ਮੈਨੂਫੈਕਚਰਿੰਗ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਟੈਕਸਟਾਈਲ ਵਿਨਿਰਮਾਤਾ ਕੰਪਨੀ ਦੀਆਂ ਕਈ ਜਾਇਦਾਦਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਹੈ, ਜਿਨ੍ਹਾਂ ’ਚ ਲੁਧਿਆਣਾ ਦੀ ਕੰਪਨੀ ਦੀ ਨਵੀਂ ਦਿੱਲੀ ’ਚ ਸਥਿਤ ਨਿੱਜੀ ਜੈੱਟ ਅਤੇ ਭੋਪਾਲ ’ਚ ਸਕੂਲ ਸ਼ਾਮਲ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲਾ ਨੇ ਸ਼ੁਰੂਆਤੀ ਜਾਂਚ ਦੇ ਹਿੱਸੇ ਤਹਿਤ ਬੈਂਕਾਂ ਨੂੰ ਕਰਜ਼ੇ ਦੀ ਉਕਾਈ ਬਾਰੇ ਕਿਹਾ ਹੈ। ਮੰਤਰਾਲਾ ਇਸ ਹਿਸਾਬ ਨਾਲ ਵੀ ਜਾਂਚ ਕਰੇਗਾ ਕਿ ਕੀ ਇਸ ਉਕਾਈ ’ਚ ਕੋਈ ਧੋਖਾਦੇਹੀ ਕੀਤੀ ਗਈ ਹੈ।

ਨਕਦੀ ਸੰਕਟ ਦੀ ਵਜ੍ਹਾ ਨਾਲ ਸੰਚਾਲਨ ਨੂੰ ਲੈ ਕੇ ਝੱਲਣੀ ਪੈ ਰਹੀ ਪ੍ਰੇਸ਼ਾਨੀ : ਸਲੂਜਾ

ਐੱਸ. ਈ. ਐੱਲ. ਮੈਨੂਫੈਕਚਰਿੰਗ ਦੇ ਚੇਅਰਮੈਨ ਰਾਮ ਸ਼ਰਨ ਸਲੂਜਾ ਨੇ ਕੰਪਨੀ ਦੀ 2019 ਦੀ ਸਾਲਾਨਾ ਰਿਪੋਰਟ ’ਚ ਕਿਹਾ, ‘‘ਸਾਨੂੰ ਨਕਦੀ ਦੇ ਸੰਕਟ ਦੀ ਵਜ੍ਹਾ ਨਾਲ ਸੰਚਾਲਨ ਨੂੰ ਲੈ ਕੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਸੀ. ਡੀ. ਆਰ. ਪੈਕੇਜ ਤਹਿਤ ਜਾਰੀ ਰਾਸ਼ੀ ਕਰਜ਼ਦਾਤਿਆਂ ਨੇ ਕੰਪਨੀ ਨੂੰ ਜਾਰੀ ਨਹੀਂ ਕੀਤੀ ਹੈ। ਇਸ ਦੀ ਵਜ੍ਹਾ ਨਾਲ ਵਿਨਿਰਮਾਣ ਸਮਰੱਥਾ ਦੀ ਪੂਰੀ ਵਰਤੋਂ ਨਹੀਂ ਹੋ ਪਾ ਰਹੀ ਹੈ।’’

ਵਿੱਤੀ ਸਾਲ 2018-19 ’ਚ ਕੰਪਨੀ ਨੂੰ ਹੋਇਆ 23.6 ਕਰੋਡ਼ ਦਾ ਨੁਕਸਾਨ

ਇਸ ਮਾਮਲੇ ਨਾਲ ਜੁਡ਼ੇ ਲੋਕਾਂ ਮੁਤਾਬਕ ਅੰਤ੍ਰਿਮ ਹੱਲ ਪੇਸ਼ੇਵਰ ਨਵਨੀਤ ਕੁਮਾਰ ਗੁਪਤਾ ਨੇ ਸੀ. ਆਰ. ਆਈ. ਪੀ. ਤਹਿਤ 6 ਜੂਨ ਨੂੰ ਕੰਪਨੀ ਦਾ ਕੰਟਰੋਲ ਲੈ ਲਿਆ ਹੈ। ਐੱਸ. ਈ. ਐੱਲ. ਮੈਨੂਫੈਕਚਰਿੰਗ ਵੱਖ-ਵੱਖ ਤਰ੍ਹਾਂ ਦੇ ਬੁਣੇ ਹੋਏ ਗਾਰਮੈਂਟ, ਤੌਲੀਏ, ਫੈਬ੍ਰਿਕ ਅਤੇ ਵੱਖ-ਵੱਖ ਤਰ੍ਹਾਂ ਦੇ ਧਾਗੇ ਬਣਾਉਂਦੀ ਹੈ, ਜਿਸ ਦੇ ਭਾਰਤ ’ਚ ਕਈ ਸਥਾਨਾਂ ’ਤੇ ਉਤਪਾਦਨ ਪਲਾਂਟ ਹਨ। ਵਿੱਤੀ ਸਾਲ 2018-19 ’ਚ ਕੰਪਨੀ ਨੂੰ 23.6 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ।


Related News