LIC ਹਾਊਸਿੰਗ ਫਾਇਨਾਂਸ ਨੇ ਮੋਬਾਈਲ ਐਪ ਰਾਹੀਂ 1,331 ਕਰੋੜ ਰੁਪਏ ਦਾ ਦਿੱਤਾ ਕਰਜ਼ਾ
Friday, Feb 19, 2021 - 06:31 PM (IST)
ਮੁੰਬਈ (ਭਾਸ਼ਾ) – ਐੱਲ. ਆਈ. ਸੀ. ਹਾਊਸਿੰਗ ਫਾਇਨਾਂਸ ਨੇ ਕਿਹਾ ਕਿ ਉਸ ਨੇ ਪਿਛਲੇ ਇਕ ਸਾਲ ’ਚ ਆਪਣੇ ਮੋਬਾਈਲ ਬੈਂਕਿੰਗ ਐਪ ਰਾਹੀਂ 1,331 ਕਰੋੜ ਰੁਪਏ ਦਾ ਕਰਜ਼ਾ ਵੰਡਿਆ।
ਐੱਲ. ਆਈ. ਸੀ. ਹਾਊਸਿੰਗ ਫਾਇਨਾਂਸ ਨੇ ਦੱਸਿਆ ਕਿ ਉਸ ਨੇ ‘ਹੋਮੀ’ ਐਪ ਦੀ ਪੇਸ਼ਕਸ਼ 14 ਫਰਵਰੀ 2020 ਨੂੰ ਕੀਤੀ ਸੀ ਅਤੇ ਇਸ ਤੋਂ ਬਾਅਦ ਇਸ ’ਤੇ ਰਿਹਾਇਸ਼ੀ ਲੋਨ ਦੇ 14,155 ਬਿਨੈਕਾਰਾਂ ਨੂੰ ਅੱਗੇ ਵਧਾਇਆ ਗਿਆ। ਇਕ ਬਿਆਨ ’ਚ ਦੱਸਿਆ ਗਿਆ ਕਿ ਇਨ੍ਹਾਂ ’ਚ 7,300 ਤੋਂ ਵੱਧ ਗਾਹਕਾਂ ਨੂੰ ਰਿਹਾਇਸ਼ੀ ਲੋਨ ਦੀ ਮਨਜ਼ੂਰੀ ਦਿੱਤੀ ਗਈ ਜਦੋਂ ਕਿ 6,884 ਗਾਹਕਾਂ ਨੂੰ 1,331 ਕਰੋੜ ਰੁਪਏ ਦਾ ਲੋਨ ਜਾਰੀ ਕੀਤਾ ਜਾ ਚੁੱਕਾ ਹੈ। ਐੱਲ. ਆਈ. ਸੀ. ਹਾਊਸਿੰਗ ਫਾਇਨਾਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਵਾਈ ਵਿਸ਼ਵਨਾਥ ਗੌੜ ਨੇ ਕਿਹਾ ਕਿ ਅਸੀਂ ਪਿਛਲੇ ਇਕ ਸਾਲ ਦੇ ਦੌਰਾਨ ਮਿਲੀਆਂ ਗਾਹਕਾਂ ਦੀ ਪ੍ਰਤੀਕਿਰਿਆਵਾਂ ਤੋਂ ਰੋਮਾਂਚਿਤ ਹਾਂ। ਸਾਡਾ ਟੀਚਾ ਆਰ. ਈ. ਡੀ. (ਰੀਇਮੇਜਿੰਗ ਐਕਸੀਲੈਂਸ ਥ੍ਰੋ ਡਿਜੀਟਲ ਟ੍ਰਾਂਸਫਾਰਮੇਸ਼ਨ) ਯੋਜਨਾ ਦੇ ਤਹਿਤ ਗਾਹਕਾਂ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਨੂੰ ਆਟੋਮੇਸ਼ਨ ਦੇ ਅਧੀਨ ਲਿਆਉਣ ਦੀ ਦਿਸ਼ਾ ’ਚ ਕੰਮ ਕਰਨ ਦਾ ਹੈ।