ਨਵਾਂ ਲੇਬਰ ਕੋਡ : ਹੱਥ ''ਚ ਆਉਣ ਵਾਲੀ ਸੈਲਰੀ ਹੋਵੇਗੀ ਘੱਟ, ਵਧੇਗਾ ਪੀ. ਐੱਫ.
Sunday, Jun 06, 2021 - 05:54 PM (IST)
ਨਵੀਂ ਦਿੱਲੀ- ਸਰਕਾਰ ਆਗਾਮੀ ਕੁਝ ਮਹੀਨਿਆਂ ਵਿਚ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ, ਜਿਸ ਵਿਚ ਤਨਖ਼ਾਹ ਕਾਨੂੰਨ ਵੀ ਸ਼ਾਮਲ ਹੈ। ਇਸ ਨਾਲ ਬੇਸਿਕ ਤਨਖ਼ਾਹ ਤੇ ਪੀ. ਐੱਫ. ਦੀ ਗਣਨਾ ਨੂੰ ਲੈ ਕੇ ਮਹੱਤਵਪੂਰਨ ਤਬਦੀਲੀ ਹੋਣ ਵਾਲੀ ਹੈ, ਜਿਸ ਦੀ ਵਜ੍ਹਾ ਨਾਲ ਤੁਹਾਡੇ ਹੱਥ ਵਿਚ ਆਉਣ ਵਾਲੀ ਤਨਖ਼ਾਹ ਯਾਨੀ ਟੇਕ ਹੋਮ ਸੈਲਰੀ ਘੱਟ ਜਾਵੇਗੀ, ਨਾਲ ਹੀ ਕੰਪਨੀ ਦਾ ਵੀ ਪੀ. ਐੱਫ. ਵਿਚ ਯੋਗਦਾਨ ਵੱਧ ਜਾਵੇਗਾ। ਨਵੇਂ ਤਨਖ਼ਾਹ ਕੋਡ ਤਹਿਤ ਹੁਣ ਕੁੱਲ ਤਨਖ਼ਾਹ ਦਾ 50 ਫ਼ੀਸਦੀ ਹਿੱਸਾ ਬੇਸਿਕ ਸੈਲਰੀ ਵਿਚ ਸ਼ਾਮਲ ਹੋਵੇਗਾ।
ਹੁਣ ਤੱਕ ਕੰਪਨੀਆਂ ਤਨਖ਼ਾਹ ਨੂੰ ਵੱਖ-ਵੱਖ ਭੱਤਿਆਂ ਵਿਚ ਵੰਡ ਦਿੰਦੀਆਂ ਸਨ ਅਤੇ ਬੇਸਿਕ ਸੈਲਰੀ ਘੱਟ ਰੱਖੀ ਜਾਂਦੀ ਸੀ ਪਰ ਹੁਣ ਇਹ ਸਟ੍ਰਕਚਰ ਬਦਲਣ ਜਾ ਰਿਹਾ ਹੈ।
ਕਿਰਤ ਮੰਤਰਾਲਾ ਪਹਿਲਾਂ 1 ਅਪ੍ਰੈਲ 2021 ਤੋਂ ਚਾਰ ਕੋਡ ਲਾਗੂ ਕਰਨਾ ਚਾਹੁੰਦਾ ਸੀ, ਜਿਨ੍ਹਾਂ ਵਿਚ ਉਦਯੋਗਿਕ ਸਬੰਧ, ਤਨਖ਼ਾਹ ਕੋਡ, ਸਮਾਜਿਕ ਸੁਰੱਖਿਆ, ਕਾਰੋਬਾਰੀ ਸਿਹਤ ਸੁਰੱਖਿਆ ਤੇ ਕੰਮਕਾਜੀ ਸਥਿਤੀ ਕੋਡ ਸ਼ਾਮਲ ਹਨ। ਹਾਲਾਂਕਿ, ਸੂਬੇ ਹੁਣ ਤੱਕ ਇਨ੍ਹਾਂ ਨਿਯਮਾਂ ਨੂੰ ਨੋਟੀਫਾਈਡ ਨਹੀਂ ਕਰ ਸਕੇ ਹਨ, ਜਿਸ ਵਜ੍ਹਾ ਨਾਲ ਇਨ੍ਹਾਂ ਦੇ ਲਾਗੂ ਹੋਣ ਵਿਚ ਦੇਰੀ ਹੋਈ ਹੈ। ਇਹ ਚਾਰ ਲੇਬਰ ਕੋਡ 44 ਕੇਂਦਰੀ ਕਿਰਤ ਕਾਨੂੰਨਾਂ ਦੀ ਜਗ੍ਹਾ ਲੈਣਗੇ। ਇਕ ਸੂਤਰ ਨੇ ਕਿਹਾ ਕਿ ਕਈ ਰਾਜਾਂ ਨੇ ਇਨ੍ਹਾਂ ਚਾਰ ਕੋਡ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ ਅਤੇ ਕੁਝ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਹਨ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਰਿਆਣਾ, ਓਡੀਸ਼ਾ, ਪੰਜਾਬ, ਗੁਜਰਾਤ, ਕਰਨਾਟਕ ਅਤੇ ਉਤਰਾਖੰਡ ਨਿਯਮਾਂ ਦਾ ਖਰੜਾ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ- LIC ਦਾ ਆਈ. ਪੀ. ਓ. ਆਉਂਦੇ ਹੀ ਰਿਲਾਇੰਸ ਨਹੀਂ ਰਹੇਗੀ ਸਭ ਤੋਂ ਵੱਡੀ ਕੰਪਨੀ!
ਇਨ੍ਹਾਂ ਫਰਮਾਂ ਨੂੰ ਛੰਟਨੀ ਦੀ ਮਿਲੇਗੀ ਢਿੱਲ
ਨਵੇਂ ਤਨਖ਼ਾਹ ਕੋਡ ਤਹਿਤ ਹੁਣ ਤੁਹਾਡੀ ਅੱਧੀ ਤਨਖ਼ਾਹ ਦਾ 12 ਫ਼ੀਸਦੀ ਹਿੱਸਾ ਪੀ. ਐੱਫ. ਲਈ ਕੱਟੇਗਾ। ਕੰਪਨੀ ਦਾ ਵੀ ਇਸ ਨਾਲ ਪੀ. ਐੱਫ. ਯੋਗਦਾਨ ਵੱਧ ਜਾਵੇਗਾ। ਗੌਰਤਲਬ ਹੈ ਕਿ ਕੰਪਨੀ ਅਤੇ ਕਰਮਚਾਰੀ ਦੋਹਾਂ ਦਾ ਪੀ. ਐੱਫ. ਯੋਗਦਾਨ ਤਨਖ਼ਾਹ ਦਾ 12-12 ਫ਼ੀਸਦੀ ਹੁੰਦਾ ਹੈ। ਪਹਿਲਾਂ ਕੰਪਨੀਆਂ ਕਰਮਚਾਰੀ ਦੀ ਤਨਖ਼ਾਹ ਦਾ ਬੇਸਿਕ ਹਿੱਸਾ ਘੱਟ ਰੱਖਦੀਆਂ ਸਨ, ਜਿਸ ਕਾਰਨ ਪੀ. ਐੱਫ. ਯੋਗਦਾਨ ਘੱਟ ਰਹਿੰਦਾ ਸੀ। ਉੱਥੇ ਹੀ, ਇਸ ਤੋਂ ਇਲਾਵਾ ਨਵੇਂ ਉਦਯੋਗਿਕ ਸਬੰਧ ਕੋਡ ਤਹਿਤ 300 ਤੱਕ ਦੇ ਕਰਮਚਾਰੀਆਂ ਵਾਲੀਆਂ ਫਰਮਾਂ ਨੂੰ ਬਿਨਾਂ ਸਰਕਾਰੀ ਇਜਾਜ਼ਤ ਦੇ ਛੰਟਨੀ ਕਰਨ ਤੇ ਕੰਮ ਬੰਦ ਕਰਨ ਦੀ ਇਜਾਜ਼ਤ ਮਿਲੇਗੀ, ਜਿਸ ਦਾ ਮਕਸਦ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਵਧਾਉਣਾ ਹੈ ਤਾਂ ਜੋ ਆਰਥਿਕ ਤੰਗੀ ਵਿਚਕਾਰ ਅਜਿਹੇ ਉਦਯੋਗਾਂ ਨੂੰ ਲਾਗਤ ਘੱਟ ਕਰਨ ਵਿਚ ਮਦਦ ਮਿਲੇ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ 5 ਰੁ: ਤੱਕ ਉਛਾਲ, ਇੱਥੇ ਵੀ ਮੁੱਲ 100 ਰੁ: ਤੋਂ ਪਾਰ