ਕਿੰਨੂਆਂ ਦੀ ਪੈਦਾਵਾਰ ਰਹਿ ਗਈ ਅੱਧੀ, ਇਸ ਵਾਰ ਕੀਮਤਾਂ ਹੋਣਗੀਆਂ ਦੁੱਗਣੀਆਂ
Sunday, Dec 01, 2024 - 03:42 AM (IST)
ਨਵੀਂ ਦਿੱਲੀ – ਖੁਦਰਾ ਬਾਜ਼ਾਰ ’ਚ 50 ਰੁਪਏ ਕਿਲੋ ਵਿਕਣ ਵਾਲਾ ਕਿੰਨੂ ਅਗਲੇ ਸਾਲ ਫਰਵਰੀ ’ਚ 100 ਰੁਪਏ ਪ੍ਰਤੀ ਕਿਲੋ ਦੇ ਰਿਕਾਰਡ ਪੱਧਰ ਨੂੰ ਛੂਹ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਫਲਾਂ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ ਅੱਧੀ ਹੈ।
ਪਿਛਲੇ ਸਾਲ ਖੁਦਰਾ ਬਾਜ਼ਾਰ ’ਚ ਕਿੰਨੂ ਦਾ ਸਭ ਤੋਂ ਵੱਧ ਭਾਅ 50 ਰੁਪਏ ਕਿਲੋ ਸੀ। ਹਾਲਾਂਕਿ ਬਾਜ਼ਾਰ ’ਚ ਅਜੇ ਵੀ ਕਿੰਨੂ ਉਪਲਬਧ ਹੈ ਪਰ ਇਸ ਦਾ ਸਭ ਤੋਂ ਚੰਗਾ ਫਲ ਦਸੰਬਰ ਦੇ ਅੰਤ ਤੱਕ ਬਾਜ਼ਾਰ ’ਚ ਆ ਜਾਏਗਾ। ਕਿੰਨੂ ਮੁੱਖ ਤੌਰ ’ਤੇ ਫਾਜ਼ਿਲਕਾ, ਮੁਕਤਸਰ ਅਤੇ ਹੁਸ਼ਿਆਰਪੁਰ ਜ਼ਿਲਿਆਂ ’ਚ ਉਗਾਇਆ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਪੰਜਾਬ ’ਚ ਕਿੰਨੂ ਦੀ ਖੇਤੀ ਦਾ ਕੁੱਲ ਖੇਤਰਫਲ ਲੱਗਭਗ 40,000 ਹੈਕਟੇਅਰ ਹੈ।
ਕੀ ਕਹਿਣਾ ਹੈ ਉਤਪਾਦਕਾਂ ਦਾ
ਕਿੰਨੂ ਉਤਪਾਦਕ ਬਲਵਿੰਦਰ ਸਿੰਘ ਟਿੱਕਾ ਨੇ ਕਿਹਾ,‘ਕਿਸਾਨਾਂ ਦੀ ਅਰਥਵਿਵਸਥਾ ਸਿਰਫ ਕੀਮਤ ’ਤੇ ਨਹੀਂ ਸਗੋਂ ਮਿਕਦਾਰ ’ਤੇ ਨਿਰਭਰ ਕਰਦੀ ਹੈ। ਹਾਲਾਂਕਿ ਇਸ ਸੀਜ਼ਨ ’ਚ ਪੈਦਾਵਾਰ ਔਸਤ ਨਾਲੋਂ ਲੱਗਭਗ 40 ਫੀਸਦੀ ਹੈ। ਜੇ ਬਾਗ ਦੀ ਪ੍ਰਤੀ ਏਕੜ ਔਸਤ ਪੈਦਾਵਾਰ 150 ਕੁਇੰਟਲ ਹੈ ਤਾਂ ਇਸ ਸਾਲ ਇਹ ਸਿਰਫ 40 ਕੁਇੰਟਲ ਹੋਵੇਗੀ। ਸ਼ੁਰੂਆਤੀ ਖੁਦਰਾ ਮੁੱਲ 50 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਫਰਵਰੀ-ਮਾਰਚ ’ਚ ਇਸ ਦੇ 80-100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧਣ ਦੀ ਉਮੀਦ ਹੈ।
ਇਸ ਦੌਰਾਨ ਕੁਝ ਵਪਾਰੀਆਂ ਨੇ ਕਿਹਾ ਕਿ ਚੰਗੀ ਗੁਣਵੱਤਾ ਵਾਲੇ ਕਿੰਨੂ ਮੌਜੂਦਾ ਸਮੇਂ ’ਚ ਥੋਕ ਬਾਜ਼ਾਰ ’ਚ 25 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਹਨ ਜਦਕਿ ਹਰੇ ਰੰਗ ਦੇ ਫਲ 15 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਹਨ ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਕ੍ਰਮਵਾਰ 12-15 ਰੁਪਏ ਅਤੇ 7-8 ਰੁਪਏ ਸਨ। ਫਲਾਂ ਦੇ ਵਪਾਰੀ ਰਾਜਿੰਦਰ ਸ਼ਰਮਾ ਨੇ ਕਿਹਾ,‘ਕਿੰਨੂ ਦੀ ਪੈਦਾਵਾਰ ਆਮ ਤੌਰ ’ਤੇ ਇਕ ਸਾਲ ਜ਼ਿਆਦਾ ਰਹਿੰਦੀ ਹੈ ਅਤੇ ਅਗਲੇ ਸਾਲ ਘੱਟ ਹੋ ਜਾਂਦੀ ਹੈ। ਇਸ ਸਾਲ ਮਾਰਚ ’ਚ ਮੌਸਮ ਗਰਮ ਸੀ (ਫਲਾਂ ਦੇ ਫੁੱਲਣ ਦਾ ਪੜਾਅ) ਅਤੇ ਮਹੀਨੇ ਦੌਰਾਨ ਮੀਂਹ ਨਹੀਂ ਪਿਆ। ਨਹਿਰ ਬੰਦ ਹੋਣ ਨਾਲ ਬਾਗਬਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਨਾਲ ਉਨ੍ਹਾਂ ਨੂੰ ਆਪਣੇ ਫਲਾਂ ਦੇ ਦਰੱਖਤਾਂ ਨੂੰ ਬਚਾਉਣ ’ਚ ਮਦਦ ਮਿਲੀ ਪਰ ਫਲਾਂ ’ਚ ਕਾਫੀ ਗਿਰਾਵਟ ਆਈ। ਇਸ ਲਈ ਇਸ ਸਾਲ ਪੈਦਾਵਾਰ ਘਟ ਹੈ ਪਰ ਕੀਮਤਾਂ ਲੱਗਭਗ ਦੁਗਣੀਆਂ ਹਨ।’
ਫਾਜ਼ਿਲਕਾ ਜ਼ਿਲੇ ਦੇ ਸੱਪਾਂਵਾਲੀ ਪਿੰਡ ਦੇ ਕਿੰਨੂ ਉਤਪਾਦਕ ਮੋਹਿਤ ਸੇਤੀਆ ਨੇ ਦੱਸਿਆ,‘ਪਿਛਲੇ ਸਾਲ ਪਾਣੀ ਖੜ੍ਹਣ, ਨਹਿਰ ਬੰਦ ਹੋਣ, ਵੱਧ ਤਾਪਮਾਨ ਆਦਿ ਕਈ ਕਾਰਨਾਂ ਕਾਰਨ ਫਲਾਂ ਦੇ ਕਈ ਦਰੱਖਤ ਸੁੱਕ ਗਏ ਸਨ। ਸਿਰਫ ਉੱਚੀਆਂ ਕੀਮਤਾਂ ਨਾਲ ਲਾਗਤ ਪੂਰੀ ਨਹੀਂ ਹੋ ਪਾ ਰਹੀ ਹੈ। ਲਾਗਤ ਵਧ ਰਹੀ ਜਦਕਿ ਆਮਦਨੀ ਹਰ ਸਾਲ ਘੱਟ ਹੁੰਦੀ ਜਾ ਰਹੀ ਹੈ।’ ਇਸ ਦੌਰਾਨ ਮੁਕਤਸਰ ਦੇ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸੁਖਦੇਵ ਸਿੰਘ ਨੇ ਦੱਸਿਆ,‘ਇਸ ਸਾਲ ਕਿੰਨੂ ਦੀ ਪੈਦਾਵਾਰ ਘੱਟ ਹੈ ਪਰ ਕੀਮਤ ਬਿਹਤਰ ਹੈ। ਉਤਪਾਦਕਾਂ ਨੂੰ ਚੰਗੀ ਕਮਾਈ ਹੋਣ ਦੀ ਸੰਭਾਵਨਾ ਹੈ।’