ਕਪਾਹ ਉਤਪਾਦਨ ’ਚ 2 ਫੀਸਦੀ ਦੀ ਗਿਰਾਵਟ, ਦਰਾਮਦ ਰਿਕਾਰਡ ਪੱਧਰ ’ਤੇ ਪੁੱਜਣ ਦੀ ਉਮੀਦ
Thursday, Nov 13, 2025 - 12:28 AM (IST)
ਜੈਤੋ, (ਪਰਾਸ਼ਰ)- ਭਾਰੀ ਮੀਂਹ, ਹੜ੍ਹ ਅਤੇ ਚੱਕਰਵਾਤ ‘ਮੋਂਥਾ’ ਦੇ ਅਸਰ ਨਾਲ ਦੇਸ਼ ’ਚ ਕਪਾਹ ਉਤਪਾਦਨ ਘਟਣ ਦਾ ਖਦਸ਼ਾ ਹੈ। ਇੰਡੀਅਨ ਕਾਟਨ ਐਸੋਸੀਏਸ਼ਨ (ਸੀ. ਏ. ਆਈ.) ਅਨੁਸਾਰ 2025-26 ਸੀਜ਼ਨ ’ਚ ਉਤਪਾਦਨ ਘੱਟ ਕੇ 305 ਲੱਖ ਗੰਢ ਰਹਿਣ ਦਾ ਅੰਦਾਜ਼ਾ ਹੈ, ਜਦੋਂਕਿ ਪਿਛਲੇ ਸਾਲ ਇਹ 312 ਲੱਖ ਗੰਢ ਸੀ।
ਹਾਲਾਂਕਿ ਦਰਾਮਦ ’ਚ ਭਾਰੀ ਵਾਧੇ ਕਾਰਨ ਕੁਲ ਸਪਲਾਈ ਵਧਣ ਦੀ ਉਮੀਦ ਹੈ। ਅਕਤੂਬਰ-ਦਸੰਬਰ 2025 ਵਿਚਾਲੇ ਲੱਗਭਗ 30 ਲੱਖ ਗੰਢ ਕਪਾਹ ਦੀ ਦਰਾਮਦ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ 3 ਗੁਣਾ ਵੱਧ ਹੈ। ਪੂਰੇ ਸਾਲ ’ਚ ਦਰਾਮਦ 45 ਲੱਖ ਗੰਢ ਤੱਕ ਪਹੁੰਚ ਸਕਦਾ ਹੈ, ਜੋ ਹੁਣ ਤੱਕ ਦਾ ਰਿਕਾਰਡ ਪੱਧਰ ਹੋਵੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਦਰਾਮਦ ਡਿਊਟੀ ਜ਼ੀਰੋ ਹੋਣ ਨਾਲ ਮਿੱਲਾਂ ਨੇ ਵਿਦੇਸ਼ੀ ਕਪਾਹ ਦੀ ਵੱਡੀ ਬੁਕਿੰਗ ਕੀਤੀ ਹੈ। ਉਥੇ ਹੀ ਮੈਨ ਮੇਡ ਫਾਈਬਰ ਦੇ ਉਤਪਾਦਨ ’ਚ ਤੇਜ਼ੀ ਅਤੇ ਕਪਾਹ ਦੀ ਖਪਤ ’ਚ ਕਮੀ ਵੀ ਵੇਖੀ ਜਾ ਰਹੀ ਹੈ।
ਸੀ. ਏ. ਆਈ. ਪ੍ਰਧਾਨ ਅਤੁੱਲ ਐੱਸ. ਗਣਾਤਰਾ ਮੁਤਾਬਕ ਇਸ ਸਾਲ ਉਤਪਾਦਨ ’ਚ ਲੱਗਭਗ 2 ਫੀਸਦੀ ਦੀ ਗਿਰਾਵਟ ਆਵੇਗੀ, ਜਦੋਂਕਿ ਦਰਾਮਦ 25-45 ਲੱਖ ਗੰਢ ਵਿਚਾਲੇ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿੱਲਾਂ ਕੋਲ ਲੱਗਭਗ 4 ਮਹੀਨਿਆਂ ਦੀ ਖਪਤ ਦੇ ਬਰਾਬਰ ਸਟਾਕ ਰਹੇਗਾ।
ਇਸ ਸਾਲ ਲੱਗਭਗ 330-340 ਲੱਖ ਗੰਢ ਦੀ ਵੱਧ ਫਸਲ ਦੀ ਉਮੀਦ ਸੀ ਪਰ ਪਿਛਲੇ ਮਹੀਨੇ ਪਏ ਜ਼ਿਆਦਾ ਮੀਂਹ ਅਤੇ ਚਕਰਵਾਤੀ ਤੂਫਾਨ ਮੋਂਥਾ ਕਾਰਨ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ ਅਤੇ ਕੁਲ ਉਤਪਾਦਨ ਪਿਛਲੇ ਸਾਲ ਦੀ ਤੁਲਨਾ ’ਚ ਥੋੜ੍ਹਾ ਘੱਟ ਹੈ।
