ਸਮਾਰਟਫੋਨ ਕੰਪਨੀਆਂ ਨੇ ਫੈਸਟਿਵ ਸੀਜ਼ਨ ਲਈ ਕੱਸੀ ਕਮਰ, ਜੁਲਾਈ 'ਚ ਦਰਾਮਦ ਕੀਤੇ 2,085 ਕਰੋੜ ਦੇ ਮੋਬਾਈਲ
Saturday, Aug 22, 2020 - 02:28 AM (IST)
ਨਵੀਂ ਦਿੱਲੀ (ਇੰਟ.)–ਸਮਾਰਟਫੋਨ ਕੰਪਨੀਆਂ ਨੇ ਫੈਸਟਿਵ ਸੀਜ਼ਨ ਲਈ ਕਮਰ ਕੱਸ ਲਈ ਹੈ। ਜੂਨ ਵਾਂਗ ਜੁਲਾਈ 'ਚ ਵੀ ਇਨ੍ਹਾਂ ਕੰਪਨੀਆਂ ਨੇ ਭਾਰੀ ਗਿਣਤੀ 'ਚ ਸਮਾਰਟਫੋਨ ਦੀ ਦਰਾਮਦ ਕੀਤੀ। ਕੋਰੋਨਾ ਇਨਫੈਕਸ਼ਨ ਕਾਰਣ ਦੇਸ਼ 'ਚ ਸਮਾਰਟਫੋਨ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਕੰਪਨੀਆਂ ਨੂੰ ਉਮੀਦ ਹੈ ਕਿ ਕੋਰੋਨਾ ਕਾਰਣ ਉਨ੍ਹਾਂ ਦੇ ਕਾਰੋਬਾਰ 'ਤੇ ਜੋ ਮਾਰ ਪਈ ਹੈ, ਉਸ ਦੀ ਭਰਪਾਈ ਤਿਓਹਾਰੀ ਸੀਜ਼ਨ 'ਚ ਹੋ ਜਾਏਗੀ।
ਜੁਲਾਈ 'ਚ 2,085.2 ਕਰੋੜ ਰੁਪਏ ਦੇ ਸਮਾਰਟਫੋਨ ਦਰਾਮਦ ਕੀਤੇ ਗਏ। ਇਹ ਜੂਨ ਦੀ ਤੁਲਨਾ 'ਚ 6 ਫੀਸਦੀ ਘੱਟ ਹੈ ਪਰ ਤਿੰਨ ਸਾਲ 'ਚ ਦੂਜੀ ਸਭ ਤੋਂ ਵੱਧ ਦਰਾਮਦ ਹੈ। ਜੂਨ 'ਚ 2,225.3 ਕਰੋੜ ਰੁਪਏ ਦੇ ਸਮਾਰਟਫੋਨ ਦਰਾਮਦ ਕੀਤੇ ਗਏ ਸਨ ਜੋ ਤਿੰਨ ਸਾਲ 'ਚ ਸਭ ਤੋਂ ਵੱਧ ਹੈ। ਇਹ ਮਈ ਦੀ ਤੁਲਨਾ 'ਚ 6 ਗੁਣਾ ਵੱਧ ਹੈ। ਫਰਵਰੀ 'ਚ ਸਿਰਫ 5.6 ਕਰੋੜ ਰੁਪਏ ਦੇ ਸਮਾਰਟਫੋਨ ਦਰਾਮਦ ਕੀਤੇ ਗਏ ਸਨ।
ਨਹੀਂ ਹੋ ਪਾ ਰਿਹਾ ਪੂਰਾ ਉਤਪਾਦਨ
ਮਾਰਕੀਟ ਇਟੈਲੀਜੈਂਸ ਫਰਮ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ. ਡੀ. ਸੀ.) ਮੁਤਾਬਿਕ ਲਾਕਡਾਊਨ ਦੀਆਂ ਪਾਬੰਦੀਆਂ 'ਚ ਢਿੱਲ ਦੇ ਬਾਵਜੂਦ ਦੇਸ਼ 'ਚ ਸਮਾਰਟਫੋਨ ਦਾ ਔਸਤ ਉਤਪਾਦਨ ਸਿਰਫ 65 ਤੋਂ 70 ਫੀਸਦੀ ਹੀ ਪਹੁੰਚ ਸਕਿਆ ਹੈ। ਆਪ੍ਰੈਲ-ਜੂਨ ਤਿਮਾਹੀ 'ਚ ਇਹ ਅੰਕੜਾ 40-45 ਫੀਸਦੀ ਸੀ। ਹਾਲਾਂਕਿ ਵੀਵੋ ਵਰਗੇ ਕੁਝ ਬ੍ਰਾਂਡਸ ਦਾ ਦਾਅਵਾ ਹੈ ਕਿ ਉਹ ਆਪਣੀ ਸਮਰੱਥਾ ਦੇ 90 ਫੀਸਦੀ ਦੇ ਬਰਾਬਰ ਉਤਪਾਦਨ ਕਰ ਰਹੇ ਹਨ।
ਕੀ ਹਨ ਚੁਣੌਤੀਆਂ
ਆਈ. ਡੀ. ਸੀ. 'ਚ ਐਸੋਸੀਏਟ ਰਿਸਰਚ ਮੈਨੇਜਰ ਉਪਾਸਨਾ ਜੋਸ਼ੀ ਨੇ ਕਿਹਾ ਕਿ ਕੰਪਨੀਆਂ ਨੂੰ ਹੁਣ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰਾਂ ਦੀ ਕਮੀ ਹੈ, ਕੋਰੋਨਾ ਇਨਫੈਕਸ਼ਨ ਵਧ ਰਹੀ ਹੈ, ਲਾਜਿਸਟਿਕਸ 'ਚ ਪ੍ਰੇਸ਼ਾਨੀਆਂ ਹਨ ਅਤੇ ਕਈ ਸੂਬਿਆਂ 'ਚ 31 ਅਗਸਤ ਤੱਕ ਲਾਕਡਾਊਨ ਦੀ ਸਥਿਤੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਾਂਡਸ ਲਈ ਜੁਲਾਈ-ਸਤੰਬਰ ਤਿਮਾਹੀ ਬਹੁਤ ਅਹਿਮ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਕੰਪਨੀਆਂ ਹਾਲੇ ਦਰਾਮਦ ਜਾਰੀ ਰੱਖਣਗੀਆਂ।