ਜਾਨਸਨ ਐਂਡ ਜਾਨਸਨ ਨੂੰ ਇਸ ਗਲਤੀ ਕਾਰਨ ਲੱਗਾ 230 ਕਰੋੜ ਦਾ ਭਾਰੀ ਜੁਰਮਾਨਾ

12/25/2019 5:34:18 PM

ਨਵੀਂ ਦਿੱਲੀ — ਦੁਨੀਆ ਭਰ 'ਚ ਮਸ਼ਹੂਰ ਖਪਤਕਾਰਾਂ ਦੀ ਸਿਹਤ ਸੰਭਾਲ, ਮੈਡੀਕਲ ਡਿਵਾਈਸਾਂ ਅਤੇ ਫਾਰਮਾ ਉਤਪਾਦ ਬਣਾਉਣ ਵਾਲੀ ਦਿੱਗਜ ਕੰਪਨੀ ਜਾਨਸਨ ਐਂਡ ਜਾਨਸਨ(J&J) ਨੂੰ ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। GST 'ਚ ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦਿੱਤੇ ਜਾਣ ਦੇ ਦੋਸ਼ 'ਚ ਕੰਪਨੀ ਨੂੰ ਜੁਰਮਾਨਾ ਲਗਾਇਆ ਗਿਆ ਹੈ। ਅਥਾਰਟੀ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਜਾਨਸਨ ਅਤੇ ਜਾਨਸਨ ਨੇ ਟੈਕਸ ਵਿਚ ਕਟੌਤੀ ਤੋਂ ਬਾਅਦ ਆਪਣੇ ਉਤਪਾਦ ਦੀ ਕੀਮਤ ਦਾ ਗਲਤ ਢੰਗ ਨਾਲ ਮੁਲਾਂਕਣ ਕੀਤਾ। ਜਾਂਚ ਦੌਰਾਨ ਪਾਇਆ ਗਿਆ ਕਿ 15 ਨਵੰਬਰ 2017 ਨੂੰ ਕੁਝ ਚੀਜ਼ਾਂ 'ਤੇ ਜੀਐਸਟੀ ਦੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਗਈ ਸੀ ਜਿਸ ਦਾ ਕਿ ਜਾਨਸਨ ਐਂਡ ਜਾਨਸਨ ਨੇ ਗਾਹਕਾਂ ਨੂੰ ਲਾਭ ਨਹੀਂ ਪਹੁੰਚਾਇਆ। ਇਸ ਮਾਮਲੇ 'ਚ ਸੋਮਵਾਰ ਨੂੰ ਜਾਰੀ ਕੀਤੇ ਗਏ ਐਨਏਏ ਦੇ ਆਦੇਸ਼ ਅੱਜ ਬੁੱਧਵਾਰ ਨੂੰ ਸਾਹਮਣੇ ਆਏ।

ਤਿੰਨ ਮਹੀਨਿਆਂ ਅੰਦਰ ਜਮ੍ਹਾਂ ਕਰਵਾਉਣਾ ਹੋਵੇਗਾ ਜੁਰਮਾਨਾ

ਜ਼ਿਕਰਯੋਗ ਹੈ ਕਿ ਕੰਪਨੀ ਨੂੰ ਜੁਰਮਾਨਾ ਤਿੰਨ ਮਹੀਨਿਆਂ 'ਚ ਜਮ੍ਹਾ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਕੰਪਨੀ ਕੋਲੋਂ ਜਨਵਰੀ 'ਚ ਜਵਾਬ ਮੰਗਿਆ ਗਿਆ ਸੀ। ਕੰਪਨੀ ਅਨੁਸਾਰ ਅਜਿਹੇ ਮਾਮਲਿਆਂ 'ਚ ਕੋਈ ਦਿਸ਼ਾ ਨਿਰਦੇਸ਼ ਨਾ ਹੋਣ ਕਰਕੇ ਉਸਨੇ ਆਪਣੇ ਹਿਸਾਬ ਨਾਲ ਮੁਲਾਂਕਣ ਕੀਤਾ ਸੀ। ਐਨਏਏ ਨੇ ਕੰਪਨੀ ਵਲੋਂ ਦਿੱਤੀ ਅਧੂਰੀ ਜਾਣਕਾਰੀ ਅਤੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਿਆਂ ਨੂੰ ਖਾਰਜ ਕਰ ਦਿੱਤਾ।

J&J ਨੂੰ ਭਾਰਤ ਤੋਂ 5828 ਕਰੋੜ ਰੁਪਏ ਦਾ ਮਾਲੀਆ

ਜਾਨਸਨ ਅਤੇ ਜਾਨਸਨ ਭਾਰਤ 'ਚ ਖਪਤਕਾਰਾਂ ਦੀ ਸਿਹਤ ਸੰਭਾਲ, ਮੈਡੀਕਲ ਡਿਵਾਈਸਾਂ ਅਤੇ ਫਾਰਮਾ ਉਤਪਾਦਾਂ ਦੇ ਕਾਰੋਬਾਰ 'ਚ ਕਈ ਸਾਲਾਂ ਤੋਂ ਕਾਰੋਬਾਰ ਕਰ ਰਹੀ ਹੈ। ਇਸ ਦੇ ਉਤਪਾਦ ਜਿਵੇਂ ਕਿ ਬੇਬੀ ਆਇਲ, ਕਰੀਮ, ਪਾਊਡਰ ਅਤੇ ਸੈਨੇਟਰੀ ਨੈਪਕਿਨ (ਸਟੇਅਫਰੀ) ਕਾਫ਼ੀ ਵਿਕਦੇ ਹਨ। ਭਾਰਤ J&J ਲਈ ਇਕ ਵੱਡਾ ਬਾਜ਼ਾਰ ਹੈ। ਸਾਲ 2018 ਦੇ ਅੰਤ ਤੱਕ J&J ਦੀ ਦੇਸ਼ ਦੇ 4,000 ਕਰੋੜ ਰੁਪਏ ਦੇ ਬੱਚਿਆਂ ਦੀ ਦੇਖਭਾਲ ਦੀ ਮਾਰਕੀਟ 'ਚ 75% ਹਿੱਸੇਦਾਰੀ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਭਾਰਤ ਵਿਚ ਕੰਪਨੀ ਦਾ ਮਾਲੀਆ 5,828 ਕਰੋੜ ਰੁਪਏ ਰਿਹਾ ਸੀ ਅਤੇ ਵਿੱਤੀ ਸਾਲ 2017-18 ਵਿਚ ਲਾਭ 688 ਕਰੋੜ ਰੁਪਏ ਸੀ।


Harinder Kaur

Content Editor

Related News