ਏਅਰ ਇੰਡੀਆ ਦੇ ਕਰਮਚਾਰੀਆਂ ਦੀ ਨੌਕਰੀ ਰਹੇਗੀ ਸੁਰੱਖਿਅਤ, ਸਰਕਾਰ ਨੇ ਦਿੱਤਾ ਭਰੋਸਾ
Monday, Feb 17, 2020 - 05:45 PM (IST)

ਨਵੀਂ ਦਿੱਲੀ — ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਭਰੋਸਾ ਜ਼ਾਹਰ ਕੀਤਾ ਕਿ ਏਅਰ ਇੰਡੀਆ ਦੇ ਵਿਨਿਵੇਸ਼ 'ਚ ਇਸ ਵਾਰ ਦਿੱਕਤ ਨਹੀਂ ਆਵੇਗੀ, ਕਿਉਂਕਿ ਸੰਭਾਵੀਂ ਖਰੀਦਦਾਰਾਂ ਨੇ ਜਿਹੜਾ ਉਤਸ਼ਾਹ ਦਿਖਾਇਆ ਹੈ ਉਹ ਵਿਸ਼ਵਾਸ ਵਧਾਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਹ ਹੀ ਇੱਛਾ ਹੈ ਕਿ ਏਅਰ ਇੰਡੀਆ ਦਾ ਝੰਡਾ ਅੱਗੇ ਵੀ ਲਹਿਰਾਉਂਦਾ ਰਹੇ। ਪੁਰੀ ਇਕ ਪ੍ਰੋਗਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਸਰਕਾਰੀ ਖੇਤਰ ਦੀ ਇਸ ਏਅਰਲਾਈਨ ਦੇ ਕਰਮਚਾਰੀਆਂ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਵਿਨਿਵੇਸ਼ ਲਈ ਚੁਣੇ ਗਏ ਨਿਵੇਸ਼ਕਾਂ ਦੇ ਨਾਲ ਭਵਿੱਖ ਦੀ ਵਿਵਸਥਾ ਤੈਅ ਕਰਦੇ ਸਮੇਂ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਏਅਰ ਇੰਡੀਆ ਦੇ ਵਿਨਿਵੇਸ਼ ਲਈ ਕੁਝ ਹਫਤੇ ਪਹਿਲਾਂ ਸਰਕਾਰ ਨੇ ਆਰੰਭਿਕ ਸੂਚਨਾ ਮੈਮੋਰੰਡਮ ਜਾਰੀ ਕੀਤਾ ਸੀ। ਇਸ ਵਿਚ ਨਵੀਂ ਮਾਲਕੀ ਅਧੀਨ ਵੀ ਇਸ ਏਅਰਲਾਈਨ ਨੂੰ ਏਅਰ ਇੰਡੀਆ ਦੇ ਨਾਂ ਨਾਲ ਹੀ ਚਲਾਇਆ ਜਾਵੇਗਾ। ਪੁਰੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਭਵਿੱਖ ਲਈ ਸਭ ਤੋਂ ਵੱਡਾ ਸਮਰਥਨ ਸਰਕਾਰ ਵਲੋਂ ਮਿਲਦਾ ਹੈ। ਅਸੀਂ ਸਿਰਫ ਇਹ ਨਹੀਂ ਚਾਹੁੰਦੇ ਕਿ ਏਅਰ ਇੰਡੀਆ ਉੱਡਦੀ ਰਹੇ ਸਗੋਂ ਅਸੀਂ ਚਾਹੁੰਦੇ ਹਾਂ ਕਿ ਨਿਰੰਤਰ ਸੰਚਾਲਨ ਕਰਦੇ ਹੋਏ ਕੁਝ ਸਾਲਾਂ ਦੀਆਂ ਅਨਿਸ਼ਚਿਤਤਾਵਾਂ ਖਤਮ ਹੋਣ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਹੈ।
ਸਿਵਲ ਐਵੀਏਸ਼ਨ ਮੰਤਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਈ ਵੀ ਕਿਸੇ ਏਅਰਲਾਈਨ ਨੂੰ ਬਿਨਾਂ ਉਨ੍ਹਾਂ ਲੋਕਾਂ ਦੇ ਨਹੀਂ ਚਲਾ ਸਕਦਾ ਹੈ ਜਿਨ੍ਹਾਂ ਨੇ ਉਸਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਪੁੱਛਦੇ ਹਨ ਕਿ ਵਿਨਿਵੇਸ਼ ਦੇ ਬਾਅਦ ਕਰਮਚਾਰੀਆਂ ਦਾ ਕੀ ਹੋਵੇਗਾ? ਜਿਹੜਾ ਵੀ ਇਸ ਏਅਰ ਲਾਈਨ ਦਾ ਨਵਾਂ ਮਾਲਕ ਜਾਂ ਪ੍ਰਬੰਧਕ ਹੋਵੇਗਾ ਉਸਨੂੰ ਵੀ ਕਰਮਚਾਰੀਆਂ ਦੀ ਜ਼ਰੂਰਤ ਤਾਂ ਹੋਵੇਗੀ ਹੀ। ਕਈ ਸਾਲਾਂ ਤੋਂ ਕੰਪਨੀ ਵਿਚ ਨਵੀਂਆਂ ਭਰਤੀਆਂ ਵੀ ਨਹੀਂ ਹੋਈਆਂ ਹਨ।