ਸੋਨਾ ਖਰੀਦਣ ਦੀ ਸੋਚ ਰਹੇ ਲੋਕਾਂ ਨੂੰ ਮਿਲ ਸਕਦੀ ਹੈ ਇਹ ਵੱਡੀ ਖ਼ੁਸ਼ਖ਼ਬਰੀ

09/13/2020 8:33:03 PM

ਨਵੀਂ ਦਿੱਲੀ— ਸੋਨੇ ਦਾ ਮੁੱਲ ਦੇਸ਼ ਭਰ 'ਚ ਇਕੋ ਜਿਹਾ ਨਿਰਧਾਰਤ ਕਰਨ ਲਈ ਦੇਸ਼ ਦੇ ਪ੍ਰਮੁੱਖ ਜਿਊਲਰਾਂ ਨੇ ਸਰਕਾਰ ਕੋਲ ਮੰਗ ਰੱਖੀ ਹੈ। ਈ. ਟੀ. ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਿਊਲਰਾਂ ਦਾ ਕਹਿਣਾ ਹੈ ਕਿ ਇਸ ਨਾਲ ਗਾਹਕਾਂ ਨੂੰ ਫਾਇਦਾ ਹੋਵੇਗਾ।

ਮੌਜੂਦਾ ਸਮੇਂ ਵੱਖ-ਵੱਖ ਸ਼ਹਿਰਾਂ 'ਚ ਸੋਨੇ ਦਾ ਮੁੱਲ ਵੱਖ-ਵੱਖ ਹੁੰਦਾ ਹੈ। ਇਕ ਬਰਾਬਰ ਮੁੱਲ ਨਿਰਧਾਰਤ ਕਰਨ ਦੀ ਪਾਲਿਸੀ ਲਿਆਉਣ ਦੀ ਮੰਗ ਉਸ ਸਮੇਂ ਰੱਖੀ ਗਈ ਹੈ ਜਦੋਂ ਤਿਉਹਾਰੀ ਮੌਸਮ 'ਚ ਸੋਨੇ ਦੀ ਮੰਗ ਦੁਬਾਰਾ ਪਟੜੀ 'ਤੇ ਵਾਪਸ ਆਉਣ ਦੇ ਸੰਕੇਤ ਦੇ ਰਹੀ ਹੈ।

ਭਾਰਤ 'ਚ ਸੋਨੇ ਦੀ ਖਰੀਦਦਾਰੀ ਅਕਤੂਬਰ ਤੋਂ ਦਸੰਬਰ ਦੇ ਤਿਉਹਾਰੀ ਮੌਸਮ 'ਚ ਜ਼ੋਰਾਂ 'ਤੇ ਹੁੰਦੀ ਹੈ। ਮੌਜੂਦਾ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਸੋਨਾ 50,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਪਹੁੰਚ ਚੁੱਕਾ ਹੈ। ਇਕੁਇਟੀ ਬਾਜ਼ਾਰਾਂ 'ਚ ਗਿਰਾਵਟ ਅਤੇ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਕਾਰਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ 'ਚ ਵਾਧਾ ਹੋਇਆ, ਜਿਸ ਕਾਰਨ ਇਸ ਦੀ ਕੀਮਤ ਉਚਾਈ 'ਤੇ ਪਹੁੰਚ ਗਈ।

ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਅਤੇ ਉੱਚੀਆਂ ਕੀਮਤਾਂ ਕਾਰਨ ਇਸ ਦੀ ਖਰੀਦ ਵੀ ਪ੍ਰਭਾਵਿਤ ਹੋਈ ਹੈ। ਉੱਥੇ ਹੀ, ਸ਼ਰਾਧਾਂ 'ਚ ਲੋਕ ਇਸ ਦੀ ਖਰੀਦਦਾਰੀ ਨੂੰ ਅਸ਼ੁੱਭ ਮੰਨਦੇ ਹਨ, ਜਿਸ ਕਾਰਨ ਹਾਲ ਹੀ ਦੇ ਦਿਨਾਂ 'ਚ ਇਸ ਦੀ ਕੀਮਤ 'ਚ ਗਿਰਾਵਟ ਆਈ ਹੈ ਪਰ ਪਿਛਲੇ ਸਾਲ ਨਾਲੋਂ ਹੁਣ ਵੀ ਇਹ ਲਗਭਗ 30 ਫੀਸਦੀ ਉੱਪਰ ਹੀ ਹੈ। ਮੌਜੂਦਾ ਸਮੇਂ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਲਗਭਗ 51,000 ਰੁਪਏ ਪ੍ਰਤੀ ਦਸ ਗ੍ਰਾਮ ਹੈ, ਜੋ ਪਿਛਲੇ ਮਹੀਨੇ 56,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ।


Sanjeev

Content Editor

Related News