ਜੈੱਟ ਏਅਰਵੇਜ਼ ਜਲਦ ਫਿਰ ਭਰੇਗੀ ਉਡਾਣ, ਦੋ ਸਾਲ ਪਹਿਲਾਂ ਹੋ ਗਈ ਸੀ ਬੰਦ
Monday, Feb 22, 2021 - 09:14 AM (IST)
ਨਵੀਂ ਦਿੱਲੀ- ਜੈੱਟ ਏਅਰਵੇਜ਼ ਇਕ ਵਾਰ ਫਿਰ ਤੋਂ ਉਡਾਣ ਭਰਨ ਨੂੰ ਤਿਆਰ ਹੈ। ਜਾਲਾਨ ਅਤੇ ਉਨ੍ਹਾਂ ਦੀ ਸਾਂਝੇਦਾਰ ਕਾਲਰਾਕ ਕੈਪੀਟਲ ਨੂੰ ਬੈਂਕਰਾਂ ਦੀ ਕਮੇਟੀ ਨੇ ਜੈੱਟ ਏਅਰਵੇਜ਼ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ ਦੋ ਸਾਲ ਪਹਿਲਾਂ ਦਿਵਾਲੀਆ ਹੋ ਗਈ ਸੀ। ਨਵਾਂ ਖ਼ਰੀਦਦਾਰ 25 ਉਡਾਣਾਂ ਨਾਲ ਸੰਚਾਲਨ ਸ਼ੁਰੂ ਕਰ ਸਕਦਾ ਹੈ। 17 ਅਪ੍ਰੈਲ 2019 ਨੂੰ ਜੈੱਟ ਏਅਰਵੇਜ਼ ਨੇ ਅੰਮ੍ਰਿਤਸਰ ਤੋਂ ਮੁੰਬਈ ਲਈ ਆਖ਼ਰੀ ਉਡਾਣ ਭਰੀ ਸੀ।
ਉਮੀਦ ਹੈ ਕਿ ਇਸੇ ਗਰਮੀਆਂ ਵਿਚ ਜੈੱਟ ਏਅਰਵੇਜ਼ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਤੋਂ ਮਨਜ਼ੂਰੀ ਜ਼ਰੂਰੀ ਹੋਵੇਗੀ ਕਿਉਂਕਿ ਕੰਪਨੀ ਦਿਵਾਲੀਆ ਪ੍ਰਕਿਰਿਆ ਵਿਚੋਂ ਲੰਘੀ ਹੈ।
ਇਸ ਪਿੱਛੋਂ ਇਹ ਪ੍ਰਸਤਾਵ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਕੋਲ ਪ੍ਰਸਤਾਵ ਜਾਵੇਗਾ। ਉਸ ਤੋਂ ਬਾਅਦ ਇਸ ਨੂੰ ਡੀ. ਜੀ. ਸੀ. ਏ. ਦੀ ਹਰੀ ਝੰਡੀ ਦੀ ਜ਼ਰੂਰਤ ਹੋਵੇਗੀ। ਕੰਪਨੀ ਨੂੰ 4-6 ਮਹੀਨਿਆਂ ਵਿਚਕਾਰ ਸੰਚਾਲਨ ਸ਼ੁਰੂ ਕਰਨ ਦੀ ਉਮੀਦ ਹੈ। ਭਾਰੀ ਘਾਟੇ ਤੇ ਕਰਜ਼ ਕਾਰਨ ਜੈੱਟ ਏਅਰਵੇਜ਼ ਅਪ੍ਰੈਲ 2019 ਵਿਚ ਬੰਦ ਹੋ ਗਈ ਸੀ। ਕੰਪਨੀ ਦੇ ਪ੍ਰਮੋਟਰ ਨਰੇਸ਼ ਗੋਇਲ ਨੂੰ 500 ਕਰੋੜ ਰੁਪਏ ਦੀ ਜ਼ਰੂਰਤ ਸੀ ਪਰ ਉਹ ਇਸ ਨੂੰ ਜੁਟਾ ਨਹੀਂ ਸਕੇ ਸਨ।