ਜੈੱਟ ਏਅਰਵੇਜ਼ ਕੱਟੇਗੀ ਪਾਇਲਟਾਂ ਦੀ ਤਨਖਾਹ

07/21/2017 7:50:08 AM

ਨਵੀਂ ਦਿੱਲੀ— ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਨੇ ਆਪਣੇ ਜੂਨੀਅਰ ਰੈਂਕ ਦੇ ਪਾਇਲਟਾਂ ਨੂੰ ਤਨਖਾਹ 'ਚ 30 ਤੋਂ 50 ਫ਼ੀਸਦੀ ਤੱਕ ਦੀ ਕਟੌਤੀ ਲਈ ਤਿਆਰ ਰਹਿਣ ਨੂੰ ਕਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜੂਨੀਅਰ ਪਾਇਲਟਾਂ ਨੂੰ ਤਨਖਾਹ 'ਚ ਇਸ ਕਟੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ ਜਾਂ ਫਿਰ ਉਹ ਨੌਕਰੀ ਛੱਡ ਸਕਦੇ ਹਨ।   ਪੂਰੇ ਮਾਮਲੇ ਨਾਲ ਜੁੜੇ ਦੋ ਸੂਤਰਾਂ ਅਤੇ ਪੱਤਰਾਂ ਅਨੁਸਾਰ ਲਾਗਤ 'ਚ ਕਟੌਤੀ ਦੇ ਮਕਸਦ ਨਾਲ ਕੰਪਨੀ ਅਜਿਹਾ ਕਦਮ ਚੁੱਕ ਰਹੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਪਾਇਲਟਾਂ ਨੂੰ ਭੇਜੇ ਪੱਤਰਾਂ 'ਚ ਜੈੱਟ ਏਅਰਵੇਜ਼ ਨੇ ਕਿਹਾ ਕਿ ਉਹ ਵਜੀਫਾ ਜਾਂ ਫਿਰ ਤਨਖਾਹ 'ਚ ਕਟੌਤੀ ਲਈ ਤਿਆਰ ਰਹਿਣ। ਕੰਪਨੀ ਨੇ ਕਿਹਾ ਕਿ ਉਹ ਆਪਣੇ ਬੇੜੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਅਜਿਹਾ ਕਦਮ ਚੁੱਕਣ ਜਾ ਰਹੀ ਹੈ। 
ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਸੂਤਰਾਂ ਨੇ ਦੱਸਿਆ ਕਿ 1 ਅਗਸਤ ਤੋਂ ਏਅਰਲਾਈਨ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਸਕਦੀ ਹੈ। ਇਸ ਨਾਲ ਜੈੱਟ ਏਅਰਵੇਜ਼ ਦੇ ਕਰੀਬ 400 ਪਾਇਲਟ ਪ੍ਰਭਾਵਿਤ ਹੋਣਗੇ। ਇਕ ਹੋਰ ਸੂਤਰ ਨੇ ਦੱਸਿਆ ਕਿ ਪਾਇਲਟਾਂ ਦੇ ਨਾਲ ਜੈੱਟ ਏਅਰਵੇਜ਼ ਵਰਕ ਐਡਜਸਟਮੈਂਟ ਦੀ ਤਿਆਰੀ 'ਚ ਹੈ। ਇਸ ਤੋਂ ਇਲਾਵਾ ਖਾੜੀ ਖੇਤਰ 'ਚ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਜਹਾਜ਼ਾਂ ਦੀ ਗਿਣਤੀ ਵਧਾਉਣ ਲਈ ਵੀ ਇਹ ਯਤਨਸ਼ੀਲ ਹੈ। 
ਸਭ ਤੋਂ ਮਹਿੰਗੇ ਸਟਰੱਕਚਰ ਵਾਲੀ ਦੇਸ਼ ਦੀ ਨਿੱਜੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਨੇ ਇਸ ਬਾਰੇ 'ਚ ਫਿਲਹਾਲ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਇੰਡੀਗੋ ਅਤੇ ਸਪਾਈਸਜੈੱਟ ਵਰਗੀਆਂ ਸਸਤੀ ਉਡਾਣ ਸੇਵਾ ਦੇਣ ਵਾਲੀਆਂ ਕੰਪਨੀਆਂ ਨਾਲ ਸਖਤ ਮੁਕਾਬਲੇਬਾਜ਼ੀ ਝੱਲ ਰਹੀ ਜੈੱਟ ਏਅਰਵੇਜ਼ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਆਪਣਾ ਵਾਧਾ ਗਵਾਉਣਾ ਪਿਆ ਹੈ। ਯੂ. ਏ. ਈ. ਦੇ ਏਤਿਹਾਦ ਏਅਰਵੇਜ਼ ਦੇ ਮਾਲਕਾਨਾ ਹੱਕ ਵਾਲੀ ਇਹ ਕੰਪਨੀ ਇੰਟਰਨੈਸ਼ਨਲ ਮਾਰਕੀਟ 'ਚ ਤੇਲ ਦੀਆਂ ਕੀਮਤਾਂ ਕਮਜ਼ੋਰ ਹੋਣ ਕਾਰਨ ਮਾਲੀਏ ਦੇ ਸੰਕਟ 'ਚੋਂ ਲੰਘ ਰਹੀ ਹੈ।


Related News