ਜੈੱਟ ਏਅਰਵੇਜ਼ : ਤਨਖਾਹ ਲਈ ਪੈਸੇ ਦੇਣ ਤੋਂ ਬੈਂਕਾਂ ਦਾ ਇਨਕਾਰ
Friday, Apr 26, 2019 - 10:26 PM (IST)

ਮੁੰਬਈ/ਜਲੰਧਰ— ਵਿੱਤੀ ਸੰਕਟ 'ਚ ਘਿਰੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਕੰਸੋਰਟੀਅਮ ਨੇ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਭੁਗਤਾਨ ਲਈ ਏਅਰਲਾਈਨ ਨੂੰ 170 ਕਰੋੜ ਰੁਪਏ ਦੀ ਅੰਤ੍ਰਿਮ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਦੂਬੇ ਨੇ ਕਰਮਚਾਰੀਆਂ ਦੇ ਨਾਂ ਇਕ ਅੰਦਰੂਨੀ ਸੁਨੇਹੇ 'ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ''ਬਦਕਿਸਮਤੀ ਨਾਲ ਬੈਂਕਾਂ ਨੇ ਕਿਹਾ ਹੈ ਕਿ ਘੱਟ ਤੋਂ ਘੱਟ ਏਅਰਲਾਈਨ ਦੀ ਹਿੱਸੇਦਾਰੀ ਵੇਚਣ ਲਈ ਚੱਲ ਰਹੀ ਬੋਲੀ ਪ੍ਰਕਿਰਿਆ ਖ਼ਤਮ ਹੋਣ ਤੱਕ ਉਹ ਤਨਖਾਹ ਦੇ ਸਬੰਧ 'ਚ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਦੇ ਸਕਦੇ। ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ ਬਾਰੇ ਬੈਂਕਾਂ ਨੂੰ ਜਾਣੂ ਕਰਵਾਉਣ ਦੇ ਸਾਡੀ ਭਰਪੂਰ ਕੋਸ਼ਿਸ਼ ਦੇ ਬਾਵਜੂਦ ਸਾਨੂੰ ਇਸ ਸੱਚਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''
ਸ਼੍ਰੀ ਦੂਬੇ ਦੀ ਅਗਵਾਈ 'ਚ ਜੈੱਟ ਏਅਰਵੇਜ਼ ਦੇ ਉੱਚ ਪ੍ਰਬੰਧਨ ਅਤੇ ਕਰਮਚਾਰੀ ਸੰਗਠਨਾਂ ਦਾ ਇਕ ਸਾਂਝਾ ਪ੍ਰਤੀਨਿਧੀ ਮੰਡਲ 20 ਅਪ੍ਰੈਲ ਨੂੰ ਨਵੀਂ ਦਿੱਲੀ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ। ਵਿੱਤ ਮੰਤਰੀ ਨੇ ਉਨ੍ਹਾਂ ਨੂੰ ਇਸ ਸਬੰਧ 'ਚ ਬੈਂਕਾਂ ਦੇ ਕੰਸੋਰਟੀਅਮ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇਕ ਮਹੀਨੇ ਦੀ ਤਨਖਾਹ ਲਈ ਕੰਪਨੀ ਨੂੰ 170 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ।
ਦੂਬੇ ਨੇ ਲਿਖਿਆ ਹੈ ਕਿ ਬੈਂਕਾਂ ਨੇ ਕੰਪਨੀ ਨੂੰ ਸਾਫ਼ ਕਹਿ ਦਿੱਤਾ ਹੈ ਕਿ ਇਹ ਸਮੱਸਿਆ ਸੁਲਝਾਉਣਾ ਸ਼ੇਅਰਧਾਰਕਾਂ ਦਾ ਕੰਮ ਹੈ। ਸ਼ੇਅਰਧਾਰਕਾਂ ਨੂੰ ਕਾਫ਼ੀ ਪਹਿਲਾਂ ਹੱਲ ਪ੍ਰਕਿਰਿਆ ਲਈ ਹਾਮੀ ਭਰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਦੀਆਂ ਬੈਠਕਾਂ 'ਚ ਵੀ ਪ੍ਰਮੋਟਰਾਂ ਤੇ ਰਣਨੀਤਕ ਸ਼ੇਅਰਧਾਰਕਾਂ ਨੂੰ ਬਕਾਇਆ ਤਨਖਾਹ ਭੁਗਤਾਨ ਲਈ ਐਮਰਜੈਂਸੀ ਰਾਹਤ ਰਾਸ਼ੀ ਮਿਲਣ ਦੀ ਸੰਭਾਵਨਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਪਰ ਉਸਦਾ ਵੀ ਕੋਈ ਹਾਂ-ਪੱਖੀ ਨਤੀਜਾ ਨਹੀਂ ਨਿਕਲਿਆ।
ਜੈੱਟ ਨੂੰ ਬਚਾਉਣ ਲਈ 25,000 ਕਰੋੜ ਰੁਪਏ ਲਾਉਣੇ ਹੋਣਗੇ : ਅਜੈ
ਸਪਾਈਸਜੈੱਟ ਦੇ ਚੇਅਰਮੈਨ ਅਜੈ ਸਿੰਘ ਕਿਹਾ, ''ਅਸੀਂ ਜੈੱਟ ਏਅਰਵੇਜ਼ ਦੇ 5 ਪਲੇਨ ਜੋੜੇ ਹਨ। ਆਉਣ ਵਾਲੇ ਕੁੱਝ ਹਫਤਿਆਂ 'ਚ ਅਸੀਂ 40 ਪਲੇਨ ਜੋੜਨ ਦੀ ਉਮੀਦ ਕਰ ਰਹੇ ਹਾਂ। ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਲਈ ਬੋਲੀ ਇਸ ਲਈ ਨਹੀਂ ਲਾਈ ਕਿਉਂਕਿ ਉਸ ਦੇ ਰਿਵਾਈਵਲ ਲਈ ਫੰਡ ਦਾ ਇੰਤਜ਼ਾਮ ਕਰਨਾ ਏਅਰਲਾਈਨ ਲਈ ਸੰਭਵ ਨਹੀਂ ਸੀ। ਸਪਾਈਸਜੈੱਟ ਦੇ ਚੇਅਰਮੈਨ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਮੀਡੀਆ 'ਚ 8,000-8,500 ਕਰੋੜ ਦੀ ਫੰਡਿੰਗ ਦਾ ਜ਼ਿਕਰ ਹੋ ਰਿਹਾ ਹੈ ਪਰ ਅਸਲ 'ਚ ਇਹ ਇਸ ਨਾਲੋ ਤਿੰਨ ਗੁਣਾ ਜ਼ਿਆਦਾ ਯਾਨੀ 25,000 ਕਰੋੜ ਰੁਪਏ ਹੈ। ਸਿੰਘ ਨੇ ਇਹ ਵੀ ਕਿਹਾ ਕਿ ਮਈ-ਜੂਨ ਤੱਕ ਸਮਰੱਥਾ ਵਧਣ ਨਾਲ ਹਵਾਈ ਕਿਰਾਏ ਸਾਧਾਰਨ ਹੋ ਜਾਣਗੇ।