15 ਜਨਵਰੀ ਨੂੰ ਭਾਰਤ ਦੌਰੇ 'ਤੇ ਆਉਣਗੇ ਵਿਸ਼ਵ ਦੇ ਸਭ ਤੋਂ ਦੌਲਤਮੰਦ ਜੈੱਫ ਬੇਜੋਸ

01/11/2020 2:01:34 PM

ਨਵੀਂ ਦਿੱਲੀ— ਵਿਸ਼ਵ ਦੇ ਸਭ ਤੋਂ ਦੌਲਤਮੰਦ ਅਤੇ ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀ. ਈ. ਓ. ਜੈੱਫ ਬੇਜੋਸ 15 ਜਨਵਰੀ ਨੂੰ ਭਾਰਤ 'ਚ ਕਦਮ ਰੱਖਣ ਜਾ ਰਹੇ ਹਨ।

ਬੇਜੋਸ ਤਿੰਨ ਦਿਨਾਂ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਛੋਟੇ ਕਾਰੋਬਾਰਾਂ ਦੇ ਪ੍ਰਮੁੱਖਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
 

ਰਿਪੋਰਟਾਂ ਮੁਤਾਬਕ, ਬੇਜੋਸ 15-16 ਜਨਵਰੀ ਨੂੰ ਨਵੀਂ ਦਿੱਲੀ 'ਚ ਛੋਟੇ ਤੇ ਦਰਮਿਆਨੇ ਕਾਰੋਬਾਰਾਂ 'ਤੇ ਕੇਂਦਰਿਤ SMBhav ਦੇ ਨਾਮ ਨਾਲ ਜਾਣੇ ਜਾਂਦੇ ਇਕ ਸਮਾਗਮ 'ਚ ਸ਼ਿਰਕਤ ਕਰਨਗੇ। ਮੁੰਬਈ 'ਚ 'ਪ੍ਰਾਈਮ ਵੀਡੀਓ' ਸਮਾਗਮ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨਾਲ ਵੀ ਮੁਲਾਕਾਤ ਦੀ ਯੋਜਨਾ ਹੈ।

ਸੂਤਰਾਂ ਮੁਤਾਬਕ, ਬੇਜੋਸ ਭਾਰਤ 'ਚ ਐਮਾਜ਼ੋਨ ਦੇ ਕੰਮਕਾਜ ਨੂੰ ਰਣਨੀਤਕ ਮਹੱਤਤਾ ਦੇਣ ਦੇ ਮੱਦੇਨਜ਼ਰ ਇਸ ਦੌਰੇ ਲਈ ਕਾਫੀ ਉਤਸੁਕ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਕੰਪਨੀ ਨੇ ਹੁਣ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਭਾਰਤ ਦੇ ਈ-ਕਾਮਰਸ ਖੇਤਰ 'ਚ ਐਮਾਜ਼ੋਨ ਦਾ ਭਾਰੀ ਦਬਦਬਾ ਹੈ ਅਤੇ ਇਸ ਦਾ ਸਿੱਧਾ ਮੁਕਾਬਲਾ ਫਲਿੱਪਕਾਰਟ ਨਾਲ ਹੈ। ਬੇਜੋਸ ਭਾਰਤ ਦੌਰੇ 'ਤੇ ਉਸ ਵਕਤ ਆ ਰਹੇ ਹਨ ਜਦੋਂ ਆਨਲਾਈਨ ਪ੍ਰਚੂਨ ਬਾਜ਼ਾਰ ਤੇਜ਼ੀ ਨਾਲ ਦੌੜ ਰਿਹਾ ਹੈ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ ਮੁਤਾਬਕ, ਆਨਲਾਈਨ ਪ੍ਰਚੂਨ ਵਿਕਰੀ ਇਸ ਸਾਲ 60 ਬਿਲੀਅਨ ਡਾਲਰ ਯਾਨੀ 4.19 ਲੱਖ ਕਰੋੜ ਰੁਪਏ ਨੂੰ ਟੱਚ ਕਰ ਜਾਣ ਦੀ ਸੰਭਾਵਨਾ ਹੈ। ਮਾਰਗਨ ਸਟੈਨਲੇ ਮੁਤਾਬਕ, 2027 ਤੱਕ ਆਨਲਾਈਨ ਪ੍ਰਚੂਨ ਬਾਜ਼ਾਰ 200 ਬਿਲੀਅਨ ਡਾਲਰ ਦਾ ਹੋ ਜਾਣ ਦੀ ਸੰਭਾਵਨਾ ਹੈ। ਭਾਰਤ 'ਚ ਇਸ ਸਮੇਂ ਲਗਭਗ 70 ਕਰੋੜ ਇੰਟਰਨੈੱਟ ਯੂਜ਼ਰਸ ਹਨ ਤੇ ਇਸ 'ਚ ਹੋਰ ਤੇਜ਼ੀ ਦੀ ਉਮੀਦ ਹੈ।


Related News