ਜੈੱਫ ਬੇਜੋਸ ਨੇ ਇਸ ਸਾਲ ਪਹਿਲੀ ਵਾਰ ਵੇਚੇ ਐਮਾਜ਼ੋਨ ਦੇ ਸ਼ੇਅਰ
Friday, May 07, 2021 - 05:50 PM (IST)
ਨਵੀਂ ਦਿੱਲੀ (ਇੰਟ.)–ਦੁਨੀਆ ਦੇ ਸਭ ਤੋਂ ਵੱਡੇ ਰਈਸ ਜੈੱਫ ਬੇਜੋਸ ਨੇ ਐਮਾਜ਼ੋਨ ਦੇ 2.5 ਅਰਬ ਡਾਲਰ ਮੁੱਲ ਦੇ ਸ਼ੇਅਰਾਂ ਨੂੰ ਵੇਚਿਆ ਹੈ। ਇਸ ਸਾਲ ਇਹ ਪਹਿਲਾ ਮੌਕਾ ਹੈ ਜਦੋਂ ਬੇਜੋਸ ਨੇ ਇੰਨੇ ਵੱਡੇ ਪੈਮਾਨੇ ’ਤੇ ਐਮਾਜ਼ੋਨ ਸ਼ੇਅਰਾਂ ਦੀ ਵਿਕਰੀ ਕੀਤੀ ਹੈ। ਬਲੂਮਬਰਗ ਨੇ ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਫਾਈਲਿੰਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਮੁਤਾਬਕ ਉਨ੍ਹਾਂ ਨੇ ਇਸ ਹਫਤੇ ਇਕ ਪ੍ਰੀ-ਅਰੇਂਜਡ ਟ੍ਰੇਡਿੰਗ ਪਲਾਨ ਦੇ ਤਹਿਤ ਐਮਾਜ਼ੋਨ ਦੇ ਕਰੀਬ 739,000 ਸ਼ੇਅਰਾਂ ਦੀ ਵਿਕਰੀ ਕੀਤੀ ਸੀ।
ਵੈੱਬਸਾਈਟ ’ਤੇ ਇਕ ਵੱਖ ਐੱਸ. ਈ. ਸੀ. ਫਾਈਲਿੰਗ ਦੇ ਹਵਾਲੇ ਤੋਂ ਕਿਹਾ ਕਿ ਬੇਜੋਸ ਦੀ ਐਮਾਜ਼ੋਨ ਦੇ 20 ਲੱਖ ਸ਼ੇਅਰ ਵੇਚਣ ਦੀ ਯੋਜਨਾ ਹੈ। ਐਮਾਜ਼ੋਨ ਦੇ ਫਾਊਂਡਰ ਬੇਜੋਸ ਨੇ ਪਿਛਲੇ ਸਾਲ ਕੰਪਨੀ ’ਚ 10 ਅਰਬ ਡਾਲਰ ਮੁੱਲ ਦੇ ਸ਼ੇਅਰ ਵੇਚੇ ਸਨ। ਹੁਣ ਵੀ ਉਨ੍ਹਾਂ ਦੀ ਕੰਪਨੀ ’ਚ 10 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਬੇਜੋਸ ਦੀ 191.13 ਅਰਬ ਡਾਲਰ ਦੀ ਨੈੱਟਵਰਥ ’ਚ ਜ਼ਿਆਦਾਤਰ ਹਿੱਸਾ ਐਮਾਜ਼ੋਨ ’ਚ ਹਿੱਸੇਦਾਰੀ ਦਾ ਹੈ।
ਰਿਪੋਰਟ ਮੁਤਾਬਕ ਬੇਜੋਸ ਨੇ ਐਮਾਜ਼ੋਨ ਦੇ ਸ਼ੇਅਰਾਂ ਦੀ ਵਿਕਰੀ ਤੋਂ ਮਿਲੀ ਰਾਸ਼ੀ ਦਾ ਇਸਤੇਮਾਲ ਆਪਣੀ ਰਾਕੇਟ ਕੰਪਨੀ ਬਲੂ ਓਰਿਜ਼ਿਨ ਦੀ ਫੰਡਿੰਗ ’ਚ ਕੀਤਾ। ਨਾਲ ਹੀ ਉਨ੍ਹਾਂ ਨੇ 10 ਅਰਬ ਡਾਲਰ ਦੀ ਰਾਸ਼ੀ ਬੇਜੋਸ ਅਰਥ ਫੰਡ ਲਈ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਬਣਾਇਆ ਗਿਆ ਹੈ।