ਜਨ ਧਨ ਯੋਜਨਾ ਤਹਿਤ ਬੈਂਕ ਖਾਤਿਆਂ ਦੀ ਗਿਣਤੀ 40 ਕਰੋੜ ਤੋਂ ਪਾਰ

08/03/2020 3:48:02 PM

ਨਵੀਂ ਦਿੱਲੀ— ਮੋਦੀ ਸਰਕਾਰ ਵੱਲੋਂ ਗਰੀਬਾਂ ਨੂੰ ਬੈਂਕਿੰਗ ਨਾਲ ਜੋੜਨ ਲਈ ਲਗਭਗ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪ੍ਰਮੁੱਖ ਵਿੱਤੀ ਮੁਹਿੰਮ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਹੁਣ ਤੱਕ 40 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ।

ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 40.05 ਕਰੋੜ ਲੋਕਾਂ ਦੇ ਜਨ ਧਨ ਖਾਤੇ ਖੁੱਲ੍ਹ ਗਏ ਹਨ ਅਤੇ ਇਨ੍ਹਾਂ ਖਾਤਿਆਂ 'ਚ ਜਮ੍ਹਾਂ ਰਾਸ਼ੀ 1.30 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਜਨ ਧਨ ਖਾਤਿਆਂ 'ਚ ਇਹ ਸਫਲਤਾ ਯੋਜਨਾ ਦੀ ਛੇਵੀਂ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਹਾਸਲ ਕੀਤੀ ਗਈ ਹੈ। ਇਹ ਯੋਜਨਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮਕਸਦ ਦੇਸ਼ ਦੇ ਤਮਾਮ ਲੋਕਾਂ ਨੂੰ ਬੈਂਕਿੰਗ ਸੁਵਿਧਾਵਾਂ ਨਾਲ ਜੋੜਨਾ ਹੈ।

10,000 ਰੁਪਏ ਦੀ ਓਵਰਡ੍ਰਾਫਟ ਸੁਵਿਧਾ
ਪੀ. ਐੱਮ. ਜੇ. ਡੀ. ਵਾਈ. ਤਹਿਤ ਖੋਲ੍ਹੇ ਜਾਣ ਵਾਲੇ ਜਨ ਧਨ ਖਾਤੇ ਬੁਨਿਆਦੀ ਬਚਤ ਖਾਤੇ ਹਨ। ਇਨ੍ਹਾਂ ਨਾਲ ਰੁਪੈ ਕਾਰਡ ਅਤੇ ਖਾਤਾਧਾਰਕ ਨੂੰ ਓਵਰਡ੍ਰਾਫਟ ਦੇਣ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਖਾਤੇ 'ਚ ਖਾਤਾਧਾਰਕ ਨੂੰ ਖਾਤੇ 'ਚ ਹਰ ਸਮੇਂ ਘੱਟੋ-ਘੱਟ ਰਾਸ਼ੀ ਬਣਾਈ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਯੋਜਨਾ ਦੀ ਸਫਲਤਾ ਲਈ ਸਰਕਾਰ ਨੇ 28 ਅਗਸਤ 2018 ਤੋਂ ਬਾਅਦ ਖੋਲ੍ਹੇ ਜਾਣ ਵਾਲੇ ਅਜਿਹੇ ਜਨ ਧਨ ਖਾਤਿਆਂ ਨਾਲ ਦੁਰਘਟਨਾ ਬੀਮਾ ਰਾਸ਼ੀ ਨੂੰ ਵਧਾ ਕੇ ਦੋ ਲੱਖ ਰੁਪਏ ਕਰ ਦਿੱਤਾ ਸੀ, ਜੋ ਪਹਿਲਾਂ 1 ਲੱਖ ਰੁਪਏ ਸੀ। ਇਸ ਦੇ ਨਾਲ ਹੀ ਖਾਤੇ 'ਚ ਓਵਰਡ੍ਰਾਫਟ ਸੁਵਿਧਾ ਦੀ ਸੀਮਾ ਨੂੰ ਵੀ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ।

ਜਨ ਧਨ ਖਾਤਾਧਾਰਕਾਂ 'ਚ 50 ਫੀਸਦੀ ਤੋਂ ਵੱਧ ਔਰਤਾਂ ਹਨ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੋਵਿਡ-19 ਸੰਕਟ 'ਚ ਗਰੀਬਾਂ ਨੂੰ ਮਦਦ ਦੇਣ ਲਈ ਤਿੰਨ ਮਹੀਨਾਵਾਰ ਕਿਸ਼ਤਾਂ 'ਚ 1,500 ਰੁਪਏ ਉਨ੍ਹਾਂ ਦੇ ਖਾਤੇ 'ਚ ਪਾਏ ਹਨ।


Sanjeev

Content Editor

Related News