ਮੋਦੀ ਸਰਕਾਰ ਦਾ ਫੈਸਲਾ-ਜਾਰੀ ਰਹੇਗੀ ਜਨ-ਧਨ ਯੋਜਨਾ, ਓਵਰਡਰਾਫਟ ਅਤੇ ਬੀਮਾ ਹੋਏ ਦੁੱਗਣੇ
Thursday, Sep 06, 2018 - 02:48 PM (IST)

ਨਵੀਂ ਦਿੱਲੀ — ਮੋਦੀ ਸਰਕਾਰ ਨੇ ਜਨ-ਧਨ ਖਾਤੇ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਜਨ-ਧਨ ਖਾਤਾ ਸਕੀਮ ਕਦੇ ਬੰਦ ਨਹੀਂ ਹੋਵੇਗੀ, ਇਸ ਦੇ ਨਾਲ ਹੀ ਯੋਜਨਾ ਨਾਲ ਕੁਝ ਹੋਰ ਪ੍ਰੇਰਕ ਜੋੜਣ ਦਾ ਵੀ ਫੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕੈਬਨਿਟ ਦੇ ਇਸ ਫੈਸਲੇ ਦੀ ਜਾਣਕਾਰੀ ਪ੍ਰੈੱਸ ਕਾਨਫਰੰਸ 'ਚ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਨ-ਧਨ ਯੋਜਨਾ ਦੀ ਭਾਰੀ ਸਫਲਤਾ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਯੋਜਨਾ ਨੂੰ ਹਮੇਸ਼ਾ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਅਣਮਿੱਥੇ ਸਮੇਂ ਲਈ ਖੁੱਲ੍ਹੀ ਰਹੇਗੀ।
4 ਸਾਲ ਲਈ ਖੋਲ੍ਹੀ ਗਈ ਸੀ ਯੋਜਨਾ
ਇਸ ਯੋਜਨਾ ਨੂੰ ਸਾਲ 2014 ਦੇ ਅਗਸਤ ਮਹੀਨੇ 'ਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਯੋਜਨਾ ਨੂੰ 4 ਸਾਲ ਲਈ ਖੋਲ੍ਹਿਆ ਗਿਆ ਸੀ। ਆਮ ਜਨਤਾ ਨੂੰ ਬੈਂਕਾਂ ਨਾਲ ਜੋੜਣ ਅਤੇ ਉਨ੍ਹਾਂ ਨੂੰ ਬੀਮਾ ਅਤੇ ਪੈਨਸ਼ਨ ਵਰਗੀਆਂ ਵਿੱਤੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।
ਯੋਜਨਾ ਨਾਲ ਜੁੜੇ ਪ੍ਰੇਰਕ
ਵਿੱਤ ਮੰਤਰੀ ਨੇ ਦੱਸਿਆ ਕਿ ਜਨ-ਧਨ ਖਾਤੇ 'ਚ ਓਵਰਡਰਾਫਟ ਦੀ ਸੁਵਿਧਾ 5000 ਰੁਪਏ ਤੋਂ ਵਧਾ ਕੇ 10,000 ਰੁਪਏ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਹੁਣ ਤੱਕ 32.41 ਕਰੋੜ ਖਾਤੇ ਖੋਲ੍ਹੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚ ਹੁਣ ਤੱਕ 81,200 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ। ਜਨ-ਧਨ ਖਾਤੇ ਖੋਲ੍ਹਣ ਵਾਲਿਆਂ 'ਚ 53% ਮਹਿਲਾਵਾਂ ਹਨ ਜਦੋਂਕਿ 83% ਖਾਤੇ ਆਧਾਰ ਨਾਲ ਜੁੜੇ ਹਨ। ਇਨ੍ਹਾਂ 'ਚੋਂ 59% ਖਾਤੇ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਅਤੇ 24.4 ਕਰੋੜ ਰੁਪਏ ਰੁਪੇ ਕਾਰਡ ਹਨ।
Giving a new impetus to financial inclusion. Jan Dhan account holders will now get higher overdraft facilities, higher accidental insurance and more. pic.twitter.com/XOw8goeA3r
— Narendra Modi (@narendramodi) September 5, 2018
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਅਤੇ ਕਿਹਾ, 'ਵਿੱਤੀ ਸਮਾਵੇਸ਼ ਲਈ ਇਕ ਨਵਾਂ ਪ੍ਰੋਤਸਾਹਨ। ਜਨ-ਧਨ ਖਾਤਿਆਂ ਨੂੰ ਹੁਣ ਜ਼ਿਆਦਾ ਓਵਰਡਰਾਫਟ ਸੁਵਿਧਾ ਅਤੇ ਵਧੇਰੇ ਐਕਸੀਡੈਂਟਲ ਬੀਮਾ ਹੋਰ ਵੀ।' ਜਨ-ਧਨ ਖਾਤਿਆਂ ਦੇ ਤਹਿਤ ਹੁਣ 2 ਲੱਖ ਰੁਪਏ ਤੱਕ ਦਾ ਬੀਮਾ ਦਿੱਤਾ ਜਾਵੇਗਾ। 2000 ਰੁਪਏ ਤੱਕ ਦੀ ਓ.ਡੀ. ਲਈ ਕੋਈ ਸ਼ਰਤ ਨਹੀਂ ਹੋਵੇਗੀ ਅਤੇ ਓ.ਡੀ. ਲੈਣ ਵਾਲੇ ਧਾਰਕਾਂ ਦੀ ਉਮਰ ਹੱਦ 60 ਤੋਂ ਵਧਾ ਕੇ 65 ਸਾਲ ਤੱਕ ਕਰ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਸਾਰੇ ਬਾਲਗਾਂ ਦਾ ਖਾਤਾ ਖੋਲ੍ਹਣ ਦਾ ਟੀਚਾ ਵੀ ਹੈ।