118 ਸਾਲ ਪੁਰਾਣੀ ਮਸਾਲੇ ਬਣਾਉਣ ਵਾਲੀ ਕੰਪਨੀ ਸਨਰਾਈਜ਼ ਫੂਡਜ਼ ਨੂੰ ਖਰੀਦੇਗੀ ITC

Monday, May 25, 2020 - 04:36 PM (IST)

118 ਸਾਲ ਪੁਰਾਣੀ ਮਸਾਲੇ ਬਣਾਉਣ ਵਾਲੀ ਕੰਪਨੀ ਸਨਰਾਈਜ਼ ਫੂਡਜ਼ ਨੂੰ ਖਰੀਦੇਗੀ ITC

ਨਵੀਂ ਦਿੱਲੀ — ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀ ਕੰਪਨੀ ਆਈ.ਟੀ.ਸੀ. ਲਿਮਟਿਡ ਨੇ ਐਤਵਾਰ ਨੂੰ ਕਿਹਾ ਕਿ ਉਹ ਮਸਾਲੇ ਬਣਾਉਣ ਵਾਲੀ ਸਨਰਾਈਜ਼ ਫੂਡਜ਼ ਪ੍ਰਾਈਵੇਟ ਲਿਮਟਿਡ (ਐਸਐਫਪੀਐਲ) ਨੂੰ ਖਰੀਦੇਗੀ। ਹਾਲਾਂਕਿ ਕੰਪਨੀ ਨੇ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੂਤਰਾਂ ਨੇ ਦੱਸਿਆ ਕਿ ਇਹ ਲਗਭਗ 1,800 ਕਰੋੜ ਤੋਂ 2000 ਕਰੋੜ ਰੁਪਏ ਦੇ ਆਸਪਾਸ ਦਾ ਹੋ ਸਕਦਾ ਹੈ।

ਸਨਰਾਈਜ਼ ਦੇ ਕੋਲ 70 ਸਾਲਾਂ ਤੋਂ ਵਧ ਦੀ ਵਿਰਾਸਤ

ਕੰਪਨੀ ਨੇ ਕਿਹਾ ਕਿ ਉਸਨੇ ਐਸਐਫਪੀਐਲ ਦੇ ਨਾਲ ਇੱਕ ਸ਼ੇਅਰ ਖਰੀਦ ਸਮਝੌਤਾ (ਐਸਪੀਏ) 'ਤੇ ਦਸਤਖਤ ਕੀਤੇ ਹਨ। ਇਹ ਸੌਦਾ ਉਸਦੇ ਉਤਪਾਦਾਂ ਦੇ ਪੋਰਟਫੋਲੀਓ ਨੂੰ ਵਧਾਏਗਾ ਅਤੇ ਮਸਾਲੇ ਦੇ ਕਾਰੋਬਾਰ ਵਿਚ ਸਥਿਤੀ ਨੂੰ ਮਜ਼ਬੂਤ ​​ਕਰੇਗਾ। ਆਈਟੀਸੀ ਨੇ ਇੱਕ ਬਿਆਨ ਵਿਚ ਕਿਹਾ, 'ਸਨਰਾਈਜ਼ ਕੋਲ 70 ਸਾਲਾਂ ਤੋਂ ਵੱਧ ਦੀ ਵਿਰਾਸਤ ਹੈ ਅਤੇ ਮਸਾਲਿਆਂ ਸ਼੍ਰੇਣੀ ਵਿਚ ਇੱਕ ਤੇਜ਼ੀ ਨਾਲ ਵੱਧ ਰਿਹਾ ਬ੍ਰਾਂਡ ਹੈ। ਸਨਰਾਈਜ਼ ਪੂਰਬੀ ਭਾਰਤ ਵਿਚ ਸਪਸ਼ਟ ਤੌਰ 'ਤੇ ਅੱਗੇ ਹੈ।'

ਕੰਪਨੀ ਨੇ ਕਿਹਾ ਕਿ ਬ੍ਰਾਂਡ ਨੇ ਖੇਤਰੀ ਸਵਾਦ ਅਤੇ ਤਰਜੀਹ ਦੇ ਅਧਾਰ ਤੇ ਆਪਣੇ ਉਤਪਾਦਾਂ ਦਾ ਪੋਰਟਫੋਲੀਓ ਤਿਆਰ ਕੀਤਾ ਹੈ। ਇਸ ਦੇ ਦਮ 'ਤੇ ਹੀ ਉਸਨੇ ਕਈ ਸਾਲਾਂ ਤੋਂ ਪ੍ਰਤੀਬੱਧ ਗਾਹਕ ਬਣਾਏ ਹਨ।'

ਆਈਟੀਸੀ ਨੇ ਕਿਹਾ, “'ਪ੍ਰਸਤਾਵਿਤ ਪ੍ਰਾਪਤੀ ਆਈ.ਟੀ.ਸੀ. ਦੇ ਐਫਐਮਸੀਜੀ ਕਾਰੋਬਾਰ ਨੂੰ ਮੁਨਾਫੇ ਨਾਲ ਤੇਜ਼ੀ ਨਾਲ ਵਧਾਉਣ  ਦੀ ਰਣਨੀਤੀ ਦੇ ਅਨੁਸਾਰ ਹੈ।'” ਉਦਯੋਗ ਦੇ ਸੂਤਰਾਂ ਮੁਤਾਬਕ ਇਸ ਸੌਦੇ ਵਿਚ ਜੇਐਮ ਫਾਇਨਾਂਸ਼ਿਅਲ ਸਨਰਾਈਜ਼ ਦਾ ਸਲਾਹਕਾਰ ਰਿਹਾ ਹੈ।

1902 'ਚ ਹੋਈ ਸੀ ਸਨਰਾਈਜ਼ ਫੂਡਸ ਦੀ ਸ਼ੁਰੂਆਤ

ਸ਼ਰਮਾ ਪਰਿਵਾਰ ਦੇ ਸਨਰਾਈਜ਼ ਫੂਡਸ ਨੂੰ ਐਵਰੈਸਟ ਮਸਾਲਾ ਅਤੇ ਐਮ.ਡੀ.ਐਚ. ਮਸਾਲਾ ਵਰਗੇ ਬ੍ਰਾਂਡ ਦੇ ਮੁਕਾਬਲੇ ਦੇ ਰੂਪ ਵਿਚ ਗਿਣਿਆ ਜਾਂਦਾ ਹੈ। ਕੰਪਨੀ ਕਈ ਉਤਪਾਦਾਂ ਜਿਵੇਂ ਹੋਲ ਸਪਾਈਸ, ਬੇਸਿਕ ਗਰਾਊਂਡ ਸਪਾਈਸ ਬਲੈਂਡਿਡ ਜਾਂ ਮਿਕਸ ਸਪਾਈਸ, ਇੰਸਟੈਂਟ ਮਿਕਸ, ਮਿਸ਼ਰਤ ਕਫ, ਸਰੌਂ ਦਾ ਤੇਲ ਅਤੇ ਪਾਪੜਮ ਬਣਾਉਂਦੀ ਹੈ।
1902 ਵਿਚ ਬਣੀ ਕੰਪਨੀ ਦੇ ਚਾਰ ਕਾਰਖਾਨੇ ਬੀਕਾਨੇਰ, ਜੈਪੂਰ, ਆਗਰਾ ਅਤੇ ਕੋਲਕਾਤਾ ਵਿਚ ਹਨ ਅਤੇ ਇਹ 9 ਸੂਬਿਆਂ ਵਿਚ ਆਪਣੇ ਉਤਪਾਦ ਵੇਚਦੀ ਹੈ। ਕੰਪਨੀ ਦਾ ਕਾਰੋਬਾਰ ਬੰਗਲਾ ਦੇਸ਼ ਅਤੇ ਨੇਪਾਲ ਵਿਚ ਵੀ ਹੈ। ਵਿੱਤੀ ਸਾਲ 2019 'ਚ ਵਿਕਰੀ ਲਗਭਗ 1,000 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ।


author

Harinder Kaur

Content Editor

Related News