ਗਲੋਬਲ ਚਿਪ ਸਪਲਾਈ ਦੀ ਕਮੀ ਦੂਰ ਕਰਨ ''ਚ ਲੱਗਣਗੇ ਸਾਲ : ਇੰਟੇਲ CEO
Monday, May 31, 2021 - 03:51 PM (IST)
ਨਵੀਂ ਦਿੱਲੀ- ਗਲੋਬਲ ਚਿਪ ਨਿਰਮਾਤਾ ਇੰਟੇਲ ਨੇ ਸੋਮਵਾਰ ਨੂੰ ਕਿਹਾ ਕਿ ਸੈਮੀਕੰਡਕਟਰਾਂ ਦੀ ਸਪਲਾਈ ਦੀ ਕਮੀ ਨੂੰ ਦੂਰ ਕਰਨ ਵਿਚ ਕੁਝ ਸਾਲ ਲੱਗ ਸਕਦੇ ਹਨ ਕਿਉਂਕਿ ਕੋਵਿਡ ਮਹਾਮਾਰੀ ਦੌਰਾਨ ਇਨ੍ਹਾਂ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇੰਟੇਲ ਦੇ ਸੀ. ਈ. ਓ. ਪੈਟ ਜੈਲਸਿੰਗਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਘਰ ਤੋਂ ਕੰਮ ਅਤੇ ਪੜ੍ਹਾਈ ਦੇ ਮੱਦੇਨਜ਼ਰ ਸੈਮੀਕੰਡਕਟਰਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ, ਜਿਸ ਨੇ ਗਲੋਬਲ ਸਪਲਾਈ 'ਤੇ ਭਾਰੀ ਦਬਾਅ ਪਾਇਆ ਹੈ।
ਉਨ੍ਹਾਂ ਇਕ ਪ੍ਰੋਗਰਾਮ ਵਿਚ ਆਨਲਾਈਨ ਸੈਸ਼ਨ ਦੌਰਾਨ ਕਿਹਾ, ''ਅਸੀਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉ ਲਈ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ।''
ਹਾਲਾਂਕਿ, ਉਨ੍ਹਾਂ ਕਿਹਾ, ''ਅਸੀਂ ਇਸ ਨਵੇਂ ਯੁੱਗ ਵਿਚ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਕੰਮ ਕਰ ਰਹੇ ਹਾਂ ਪਰ ਉਦਯੋਗ ਵੱਲੋਂ ਨੇੜਲੀ ਮਿਆਦ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਈ ਕਦਮ ਚੁੱਕਣ ਦੇ ਬਾਵਜੂਦ ਸਪਲਾਈ ਚੇਨ ਦੀਆਂ ਰੁਕਾਵਟਾਂ ਵਿਚ ਕਮੀ ਨੂੰ ਦੂਰ ਕਰਨ ਵਿਚ ਕੁਝ ਸਾਲ ਲੱਗ ਸਕਦੇ ਹਨ।'' ਉਨ੍ਹਾਂ ਕਿਹਾ ਕਿ ਕੰਪਨੀ ਨੇ ਪਿਛਲੇ ਚਾਰ ਸਾਲਾਂ ਵਿਚ ਆਪਣੀ ਅੰਦਰੂਨੀ ਸਮਰੱਥਾ ਨੂੰ ਦੁੱਗਣਾ ਕੀਤਾ ਹੈ ਅਤੇ ਉਹ ਸਪਲਾਈ ਚੇਨ ਦੀ ਮਦਦ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੰਪਿਊਟਰ ਤੋਂ ਲੈ ਕੇ ਸੰਚਾਰ ਯੰਤਰਾਂ, ਆਵਾਜਾਈ ਪ੍ਰਣਾਲੀਆਂ, ਬੁਨਿਆਦੀ ਢਾਂਚੇ ਤੱਕ, ਹਰ ਚੀਜ਼ ਵਿਚ ਸੈਮੀਕੰਡਕਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ।