Huawei ਖਿਲਾਫ ਵਿਭਾਗ ਦੀ ਸਖ਼ਤ ਕਾਰਵਾਈ, ਇਨਕਮ ਟੈਕਸ ਵਿਭਾਗ ਨੇ ਕੀਤੀ ਕੰਪਲੈਕਸਾਂ ’ਤੇ ਛਾਪੇਮਾਰੀ
Thursday, Feb 17, 2022 - 03:43 PM (IST)
ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੀ ਜਾਂਚ ਤਹਿਤ ਚੀਨੀ ਦੂਰਸੰਚਾਰ ਕੰਪਨੀ ਹੁਵਾਵੇਈ ਦੇ ਭਾਰਤ ਸਥਿਤ ਕੰਪਲੈਕਸਾਂ ’ਤੇ ਛਾਪਾ ਮਾਰਿਆ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦਿੱਲੀ, ਗੁਰੂਗ੍ਰਾਮ (ਹਰਿਆਣਾ) ਅਤੇ ਬੇਂਗਲੁਰੂ ’ਚ ਕੰਪਨੀ ਦੇ ਕੰਪਲੈਕਸਾਂ ’ਤੇ ਛਾਪੇ ਮਾਰੇ ਗਏ। ਸੂਤਰਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਕੰਪਨੀ, ਉਸ ਦੇ ਭਾਰਤੀ ਕਾਰੋਬਾਰਾਂ ਅਤੇ ਵਿਦੇਸ਼ੀ ਲੈਣ-ਦੇਣ ਖਿਲਾਫ ਕਥਿਤ ਟੈਕਸ ਚੋਰੀ ਦੀ ਜਾਂਚ ਤਹਿਤ ਵਿੱਤੀ ਦਸਤਾਵੇਜ਼ਾਂ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਕੁੱਝ ਰਿਕਾਰਡ ਵੀ ਜ਼ਬਤ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਦੇਸ਼ ’ਚ ਉਸ ਦਾ ਸੰਚਾਲਨ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲ ਰਿਹਾ ਹੈ।
ਇਹ ਕਿਹਾ ਕੰਪਨੀ ਨੇ
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਇਨਕਮ ਟੈਕਸ ਟੀਮ ਦੇ ਸਾਡੇ ਦਫਤਰ ਵਿਚ ਆਉਣ ਅਤੇ ਕੁਝ ਕਰਮਚਾਰੀਆਂ ਤੋਂ ਪੁੱਛਗਿੱਛ ਕਰਨ ਬਾਰੇ ਸੂਚਿਤ ਕੀਤਾ ਗਿਆ ਹੈ।’’ ਹੁਵਾਵੇਈ ਨੂੰ ਭਰੋਸਾ ਹੈ ਕਿ ਭਾਰਤ ’ਚ ਸਾਡਾ ਸੰਚਾਲਨ ਸਾਰੇ ਕਾਨੂੰਨਾਂ ਅਤੇ ਨਿਯਮਾਂ ਮੁਤਾਬਕ ਹੈ। ਅਸੀਂ ਵਧੇਰੇ ਜਾਣਕਾਰੀ ਲਈ ਸਬੰਧਤ ਸਰਕਾਰੀ ਵਿਭਾਗਾਂ ਨਾਲ ਸੰਪਰਕ ਕਰਾਂਗੇ ਅਤੇ ਨਿਯਮਾਂ ਮੁਤਾਬਕ ਪੂਰਾ ਸਹਿਯੋਗ ਕਰਾਂਗੇ ਅਤੇ ਸਹੀ ਪ੍ਰਕਿਰਿਆ ਦੀ ਪਾਲਣਾ ਕਰਾਂਗੇ। ਸਰਕਾਰ ਨੇ ਹੁਵਾਵੇਈ ਨੂੰ 5ਜੀ ਸੇਵਾਵਾਂ ਦੇ ਪਰੀਖਣ ਤੋਂ ਬਾਹਰ ਰੱਖਿਆ ਹੈ।
ਭਾਰਤੀ ਏਅਰਟੈੱਲ ਨਾਲ ਕੀਤੀ ਸੀ ਇਕ ਡੀਲ
ਦੱਸ ਦਈਏ ਕਿ ਹਾਲ ਹੀ ’ਚ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਹੁਵਾਵੇਈ ਨੇ ਭਾਰਤੀ ਏਅਰਟੈੱਲ ਨਾਲ ਇਕ ਡੀਲ ਕੀਤੀ ਸੀ। ਪਿਛਲੇ ਹਫਤੇ ਜਾਣਕਾਰੀ ਆਈ ਸੀ ਕਿ ਹੁਵਾਵੇਈ ਨੂੰ ਭਾਰਤੀ ਏਅਰਟੈੱਲ ਤੋਂ ਟ੍ਰਾਂਸਮਿਸ਼ਨ ਨੈੱਟਵਰਕ ਦੇ ਰੱਖ-ਰਖਾਅ ਦਾ 150 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਇਹ ਆਰਡਰ ਦੋਵੇਂ ਕੰਪਨੀਆਂ ਦਰਮਿਆਨ ਮੌਜੂਦਾ ਸੌਦੇ ਦਾ ਹਿੱਸਾ ਹੈ। ਇਸ ਤੋਂ ਇਲਾਵਾ ਇਹ ਦੂਰਸੰਚਾਰ ’ਤੇ ਰਾਸ਼ਟਰੀ ਸੁਰੱਖਿਆ ਨਿਰਦੇਸ਼ ਮੁਤਾਬਕ ਹੈ ਜੋ ਪੁਰਾਣੇ ਕਾਂਟ੍ਰੈਕਟ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਸੂਤਰ ਨੇ ਦੱਸਿਆ ਕਿ ਸਾਲਾਨਾ ਰੱਖ-ਰਖਾਅ ਕਾਂਟ੍ਰੈਕਟ ਦੇ ਤਹਿਤ ਹੁਵਾਵੇਈ ਨੂੰ ਮਿਲਿਆ ਆਰਡਰ 150 ਕਰੋੜ ਰੁਪਏ ਤੋਂ ਘੱਟ ਹੈ।