IRCTC ਦੇ ਟੂਰ ਪੈਕੇਜ ''ਚ ਹੁਣ ਜਹਾਜ਼ ''ਚ ਘੁੰਮੋ ਸ਼ਿਰਡੀ ਦੇ ਨਾਲ GOA
Monday, Nov 12, 2018 - 03:50 PM (IST)
ਨਵੀਂ ਦਿੱਲੀ— ਸ਼ਿਰਡੀ ਵਰਗੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਨਾਲ ਅਲੋਰਾ ਦੀਆਂ ਗੁਫਾਵਾਂ ਵਰਗੇ ਇਤਿਹਾਸਕ ਸਥਾਨ ਅਤੇ ਵਿਸ਼ਵ ਪ੍ਰਸਿੱਧ ਸੈਲਾਨੀ ਜਗ੍ਹਾ ਗੋਆ ਦੀ ਸੈਰ ਲਈ ਸਰਕਾਰੀ ਕੰਪਨੀ ਆਈ. ਆਰ. ਸੀ. ਟੀ. ਸੀ. ਨੇ ਇਕ ਟੂਰ ਪੈਕੇਜ ਸ਼ੁਰੂ ਕੀਤਾ ਹੈ। ਹਵਾਈ ਜਹਾਜ਼ ਜ਼ਰੀਏ ਸੈਰ ਵਾਲੇ ਇਸ ਟੂਰ ਪੈਕੇਜ ਤਹਿਤ ਲੋਕਾਂ ਨੂੰ ਸ਼ਿਰਡੀ 'ਚ ਦੋ ਰਾਤਾਂ ਅਤੇ ਗੋਆ 'ਚ ਤਿੰਨ ਰਾਤਾਂ 'ਥ੍ਰੀ ਸਟਾਰ' ਹੋਟਲ 'ਚ ਠਹਿਰਾਇਆ ਜਾਵੇਗਾ।
ਇਸ ਪੈਕੇਜ ਦੀ ਫੀਸ ਘੱਟੋ-ਘੱਟ 34,880 ਰੁਪਏ ਪ੍ਰਤੀ ਵਿਅਕਤੀ ਰੱਖੀ ਗਈ ਹੈ। ਇਸ 'ਚ ਹਰ ਰੋਜ਼ ਸਵੇਰ ਦਾ ਨਾਸ਼ਤਾ ਅਤੇ ਰਾਤ ਦੇ ਖਾਣੇ ਸਮੇਤ ਲਗਭਗ ਸਾਰੇ ਤਰ੍ਹਾਂ ਦੇ ਖਰਚ ਸ਼ਾਮਲ ਹਨ। ਆਈ. ਆਰ. ਸੀ. ਟੀ. ਸੀ. ਦੇ ਇਸ ਪੈਕੇਜ ਦਾ ਨਾਂ 'ਸ਼ਿਰਡੀ-ਗੋਆ ਟੂਰ ਐਕਸ ਦਿੱਲੀ' ਹੈ। ਇਸ ਪੈਕੇਜ 'ਚ ਲੋਕਾਂ ਨੂੰ ਮੁੰਬਈ, ਸ਼ਿਰਡੀ, ਸ਼ਨੀ ਸ਼ਿੰਗਨਾਪੁਰ, ਗ੍ਰਿਸ਼ਨੇਸ਼ਵਰ, ਅਲੋਰਾ ਅਤੇ ਗੋਆ ਘੁਮਾਇਆ ਜਾਵੇਗਾ।
ਇਸ ਪੈਕੇਜ ਤਹਿਤ ਸੈਰ ਕਰਨ ਵਾਲੇ ਸੈਲਾਨੀ 22 ਨਵੰਬਰ ਅਤੇ 5 ਦਸੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਇੰਡੀਗੋ ਦੀ ਫਲਾਈਟ 'ਚ ਸਵੇਰ 9.15 ਵਜੇ ਮੁੰਬਈ ਲਈ ਰਵਾਨਾ ਹੋਣਗੇ ਅਤੇ 11.30 ਵਜੇ ਉੱਥੇ ਪਹੁੰਚ ਜਾਣਗੇ। ਮੁੰਬਈ ਤੋਂ ਉਨ੍ਹਾਂ ਨੂੰ ਏ. ਸੀ. ਬੱਸ ਜਾਂ ਕਾਰ 'ਚ ਸ਼ਿਰਡੀ ਲਿਜਾਇਆ ਜਾਵੇਗਾ। ਸ਼ਿਰਡੀ 'ਚ ਤਿੰਨ ਸਿਤਾਰਾ ਹੋਟਲ 'ਚ ਸਾਮਾਨ ਰਖਾਉਣ ਦੇ ਬਾਅਦ ਸੈਲਾਨੀਆਂ ਨੂੰ ਸਾਂਈਂ ਮੰਦਰ ਲਿਜਾਇਆ ਜਾਵੇਗਾ। ਦੂਜੇ ਦਿਨ ਅਲੋਰਾ ਦੀਆਂ ਗੁਫਾਵਾਂ ਦੀ ਸੈਰ ਕਰਾਈ ਜਾਵੇਗੀ। ਫਿਰ ਤੀਜੇ ਦਿਨ ਸੈਲਾਨੀ ਸ਼ਿਰਡੀ ਤੋਂ ਮੁੰਬਈ ਲਈ ਰਵਾਨਾ ਹੋਣਗੇ। ਚੌਥੇ ਦਿਨ ਤੋਂ ਉਨ੍ਹਾਂ ਨੂੰ ਗੋਆ ਦੀ ਸੈਰ ਕਰਾਈ ਜਾਵੇਗੀ ਅਤੇ 6ਵੇਂ ਦਿਨ ਫਲਾਈਟ 'ਚ ਦਿੱਲੀ ਲਈ ਵਾਪਸੀ ਹੋਵੇਗੀ। ਇਸ ਪੈਕੇਜ ਤਹਿਤ ਕੁੱਲ 30 ਸੀਟਾਂ ਹਨ। ਇਸ ਲਈ ਆਈ. ਆਰ. ਸੀ. ਟੀ. ਸੀ. ਦੇ ਕਿਸੇ ਵੀ ਦਫਤਰ ਤੋਂ ਬੁਕਿੰਗ ਕਰਾਈ ਜਾ ਸਕਦੀ ਹੈ। ਇਸ ਦੇ ਇਲਾਵਾ ਆਈ. ਆਰ. ਸੀ. ਟੀ. ਸੀ. ਟੂਰਿਜ਼ਮ ਦੀ ਵੈੱਬਸਾਈਟ 'ਤੇ ਆਨਲਾਈਨ ਬੁਕਿੰਗ ਦੀ ਵੀ ਸੁਵਿਧਾ ਹੈ।
