ਈਰਾਨ-ਅਮਰੀਕਾ ਤਣਾਅ : ਬਾਸਮਤੀ ਚੌਲ ਤੇ ਚਾਹ ਬਰਾਮਦ ਨੂੰ ਲੱਗੇਗਾ ਝਟਕਾ
Wednesday, Jan 08, 2020 - 02:10 AM (IST)
ਨਵੀਂ ਦਿੱਲੀ (ਇੰਟ.)-ਅਮਰੀਕੀ ਹਮਲੇ ’ਚ ਈਰਾਨ ਦੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਪਿੱਛੋਂ ਪੱਛਮ ਏਸ਼ੀਆ ’ਚ ਵਧੇ ਤਣਾਅ ਦੇ ਕਾਰਣ ਭਾਰਤ ਵੱਲੋਂ ਈਰਾਨ ਨੂੰ ਬਾਸਮਤੀ ਚੌਲ ਅਤੇ ਚਾਹ ਦੀ ਹੋਣ ਵਾਲੀ ਬਰਾਮਦ ਨੂੰ ਵੱਡਾ ਝਟਕਾ ਲੱਗੇਗਾ। ਈਰਾਨ ਭਾਰਤ ਦੇ ਬਾਸਮਤੀ ਚੌਲ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ ਅਤੇ ਇਸ ਵੇਲੇ ਈਰਾਨ ਬਾਸਮਤੀ ਦੀ ਖਰੀਦਦਾਰੀ ਸ਼ੁਰੂ ਕਰਨ ਜਾ ਰਿਹਾ ਸੀ। ਓਧਰ ਭਾਰਤੀ ਆਰਥੋਡਾਕਸ ਚਾਹ ਲਈ ਵੀ ਈਰਾਨ ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਸ (ਸੀ. ਆਈ. ਐੱਸ.) ਤੋਂ ਬਾਅਦ ਸਭ ਤੋਂ ਵੱਡਾ ਦਰਾਮਦਕਾਰ ਹੈ।
ਬਾਸਮਤੀ ਦਾ ਭੁਗਤਾਨ ਰੁਕਣ ਦਾ ਡਰ
ਇਕ ਰਿਪੋਰਟ ਮੁਤਾਬਕ ਆਲ ਇੰਡੀਆ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਪ੍ਰਧਾਨ ਨਾਥੀ ਰਾਮ ਗੁਪਤਾ ਨੇ ਕਿਹਾ ਕਿ ਮੌਜੂਦਾ ਸਥਿਤੀ ’ਚ ਬਰਾਮਦ ਦਾ ਭੁਗਤਾਨ ਮਿਲਣ ’ਚ ਕਈ ਮਹੀਨਿਆਂ ਦੀ ਦੇਰੀ ਹੋ ਸਕਦੀ ਹੈ। ਪਿਛਲੇ ਸਾਲ 5 ਮਹੀਨੇ ਦੇਰੀ ਨਾਲ ਭੁਗਤਾਨ ਹੋਇਆ ਸੀ। ਈਰਾਨ ਤੋਂ ਇਲਾਵਾ ਸਾਊਦੀ ਅਰਬ, ਜੋਰਡਨ, ਕੁਵੈਤ ਅਤੇ ਅਮਰੀਕਾ ਵੀ ਭਾਰਤ ਤੋਂ ਬਾਸਮਤੀ ਚੌਲ ਖਰੀਦਦੇ ਹਨ। ਦਸੰਬਰ ’ਚ ਈਰਾਨ ਨੇ ਭਾਰਤ ਤੋਂ 2 ਲੱਖ ਟਨ ਬਾਸਮਤੀ ਖਰੀਦਣ ਦਾ ਟੈਂਡਰ ਜਾਰੀ ਕੀਤਾ ਸੀ। ਭਾਰਤ ਦੀ ਕੁਲ ਬਰਾਮਦ ਦੀ ਇਕ-ਤਿਹਾਈ ਬਾਸਮਤੀ ਇਕੱਲਾ ਈਰਾਨ ਖਰੀਦਦਾ ਹੈ। 2018-19 ’ਚ ਈਰਾਨ ਨੇ ਭਾਰਤ ਤੋਂ 14.8 ਲੱਖ ਟਨ ਬਾਸਮਤੀ ਚੌਲ ਖਰੀਦਿਆ ਸੀ। ਚਾਲੂ ਕਾਰੋਬਾਰੀ ਸਾਲ ’ਚ ਈਰਾਨ ਨੂੰ ਸਿਰਫ਼ ਲਗਭਗ 5 ਲੱਖ ਟਨ ਦੀ ਹੀ ਬਰਾਮਦ ਹੋ ਸਕੀ ਹੈ।
ਤਣਾਅ ਕਾਰਣ ਡਿੱਗੇਗੀ ਆਰਥੋਡਾਕਸ ਚਾਹ ਦੀ ਬਰਾਮਦ
ਟੀ ਬੋਰਡ ਦੇ ਚੇਅਰਮੈਨ ਪੀ. ਕੇ. ਬੇਜਬਰੁਆ ਨੇ ਕਿਹਾ ਕਿ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਡੂੰਘਾ ਹੋਣ ਨਾਲ ਆਰਥੋਡਾਕਸ ਚਾਹ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਟੀ ਬੋਰਡ ਦੇ ਅੰਕੜਿਆਂ ਮੁਤਾਬਕ ਨਵੰਬਰ 2019 ਤੱਕ ਈਰਾਨ ਨੂੰ 5.043 ਕਰੋਡ਼ ਕਿਲੋਗ੍ਰਾਮ ਚਾਹ ਦੀ ਬਰਾਮਦ ਹੋਈ ਸੀ। ਸੀ. ਆਈ. ਐੱਸ. ਨੂੰ ਇਸ ਦੌਰਾਨ 5.28 ਕਰੋਡ਼ ਕਿਲੋਗ੍ਰਾਮ ਦੀ ਬਰਾਮਦ ਹੋਈ ਸੀ। ਆਈ. ਟੀ. ਏ. ਦੇ ਸਾਬਕਾ ਚੇਅਰਮੈਨ ਅਤੇ ਗੁਡਰਿਕ ਸਮੂਹ ਦੇ ਐੱਮ. ਡੀ. ਅਤੇ ਸੀ. ਈ. ਓ. ਅਤੁਲ ਅਸਥਾਨਾ ਨੇ ਕਿਹਾ ਕਿ ਜੇਕਰ ਤਣਾਅ ਬਣਿਆ ਰਹੇਗਾ ਤਾਂ ਈਰਾਨ ਨੂੰ ਚਾਹ ਦੀ ਬਰਾਮਦ ਨਹੀਂ ਹੋ ਸਕੇਗੀ।
