Omicron ਕਾਰਨ ਸਹਿਮੇ ਨਿਵੇਸ਼ਕ, ਸ਼ੇਅਰ ਬਾਜ਼ਾਰ 3% ਤੋਂ ਵੱਧ ਟੁੱਟਿਆ

Sunday, Dec 19, 2021 - 04:42 PM (IST)

Omicron ਕਾਰਨ ਸਹਿਮੇ ਨਿਵੇਸ਼ਕ, ਸ਼ੇਅਰ ਬਾਜ਼ਾਰ 3% ਤੋਂ ਵੱਧ ਟੁੱਟਿਆ

ਮੁੰਬਈ — ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਲੋਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ, ਡਾਲਰ ਦੀ ਵਧਦੀ ਕੀਮਤ ਅਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਘਰੇਲੂ ਪੱਧਰ 'ਤੇ ਮੁਨਾਫਾ-ਬੁੱਕਿੰਗ ਕਾਰਨ ਪੈਦਾ ਹੋਏ ਦਬਾਅ ਕਾਰਨ ਪਿਛਲੇ ਹਫਤੇ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ। ਜਿਸ ਕਾਰਨ ਬਾਜ਼ਾਰ 3% ਟੁੱਟ ਗਿਆ। ਇਹੀ ਕਾਰਕ ਅਗਲੇ ਹਫਤੇ ਵੀ ਬਾਜ਼ਾਰ 'ਤੇ ਹਾਵੀ ਰਹਿਣ ਦੀ ਉਮੀਦ ਹੈ ਅਤੇ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲ ਸਕਦਾ ਹੈ।

ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਇਸ ਦੌਰਾਨ 1774.93 ਅੰਕ ਡਿੱਗ ਕੇ 57011.74 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 526.10 ਅੰਕ ਡਿੱਗ ਕੇ 16985.20 ਅੰਕ 'ਤੇ ਰਿਹਾ। ਵੱਡੀਆਂ ਕੰਪਨੀਆਂ ਦੇ ਮੁਕਾਬਲੇ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ 'ਚ ਵਿਕਰੀ ਦਾ ਦਬਾਅ ਦੇਖਿਆ ਗਿਆ, ਜਿਸ ਕਾਰਨ ਬੀਐੱਸਈ ਮਿਡਕੈਪ 1165.03 ਅੰਕ ਡਿੱਗ ਕੇ 24542.15 'ਤੇ ਅਤੇ ਸਮਾਲਕੈਪ 805.61 ਅੰਕ ਡਿੱਗ ਕੇ 28455.20 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : BSE-NSE ਨਵੇਂ ਦਿਸ਼ਾ-ਨਿਰਦੇਸ਼: ਐਕਸਚੇਂਜ 'ਚ ਤਕਨੀਕੀ ਖਰਾਬੀ ਆਉਣ 'ਤੇ ਮੈਂਬਰ ਰੋਜ਼ਾਨਾ ਅਦਾ ਕਰਨਗੇ 20 ਹਜ਼ਾਰ ਰੁਪਏ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰਾਂ ਦੇ ਨਾਲ-ਨਾਲ ਓਮੀਕ੍ਰੋਨ, ਡਾਲਰ ਸੂਚਕਾਂਕ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਚਾਲ ਅਗਲੇ ਹਫਤੇ ਬਾਜ਼ਾਰ ਦੀ ਚਾਲ ਤੈਅ ਕਰੇਗੀ ਕਿਉਂਕਿ ਪਿਛਲੇ ਸ਼ੁੱਕਰਵਾਰ ਨੂੰ ਲਗਾਤਾਰ 23ਵਾਂ ਦਿਨ ਸੀ ਜਿਸ ਦਿਨ ਵਿਦੇਸ਼ੀ ਨਿਵੇਸ਼ਕਾਂ ਨੇ ਵਿਕਰੀ ਕਰਕੇ ਬਾਜ਼ਾਰ ਨੂੰ ਲਾਲ ਰੰਗ 'ਚ ਲਿਆਉਣ ਦਾ ਕੰਮ ਕੀਤਾ ਸੀ। ਪਿਛਲੇ ਹਫਤੇ ਵਿਦੇਸ਼ੀ ਨਿਵੇਸ਼ਕਾਂ ਨੇ 10,450 ਕਰੋੜ ਰੁਪਏ ਦੀ ਵਿਕਰੀ ਕੀਤੀ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 6,340 ਕਰੋੜ ਰੁਪਏ ਦੀ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਓਮੀਕਰੋਨ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ ਅਤੇ ਇਸ ਦਾ ਅਸਰ ਪੂੰਜੀ ਬਾਜ਼ਾਰ 'ਤੇ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਡਾਲਰ ਇੰਡੈਕਸ 'ਚ ਵਾਧੇ ਅਤੇ ਭਾਰਤੀ ਕਰੰਸੀ ਦੇ ਕਮਜ਼ੋਰ ਹੋਣ ਦਾ ਵੀ ਬਾਜ਼ਾਰ 'ਤੇ ਅਸਰ ਪੈ ਰਿਹਾ ਹੈ। ਇਸ ਸਭ ਦੇ ਵਿਚਕਾਰ ਅਗਲੇ ਹਫਤੇ ਵੀ ਬਜ਼ਾਰ ਦੇ ਵਿਦੇਸ਼ੀ ਨਿਵੇਸ਼ਕਾਂ ਦੀ ਚਾਲ ਚੱਲਣ ਦੀ ਸੰਭਾਵਨਾ ਹੈ।ਵਿਸ਼ਲੇਸ਼ਕਾਂ ਨੇ ਪ੍ਰਚੂਨ ਨਿਵੇਸ਼ਕਾਂ, ਖਾਸ ਤੌਰ 'ਤੇ ਘੱਟ ਐਕਸਪੋਜ਼ਰ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਗਲੋਬਲ ਮਾਰਕੀਟ ਵਿੱਚ ਮੌਜੂਦਾ ਸਥਿਤੀ ਕਿਸੇ ਵੀ ਸਮੇਂ ਭਾਰੀ ਵਿਕਰੀ ਜਾਂ ਖਰੀਦਦਾਰੀ ਦਾ ਕਾਰਨ ਬਣ ਸਕਦੀ ਹੈ।

ਇਹ ਵੀ ਪੜ੍ਹੋ : ਆਧਾਰ ਜ਼ਰੀਏ ਸਰਕਾਰ ਨੇ ਬਚਾਏ 2.25 ਲੱਖ ਕਰੋੜ ਰੁਪਏ, ਅਗਲੇ 10 ਸਾਲਾਂ ਲਈ ਦੱਸੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News