ਸੋਨਾ ਮਹਿੰਗਾ ਹੋਣ ਨਾਲ ਛਾਈ ਇਹ ਸਕੀਮ, ਲੋਕ ਲਗਾ ਰਿਹੈ ਮੋਟਾ ਪੈਸਾ
Sunday, Sep 13, 2020 - 02:49 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੌਰਾਨ ਸੋਨਾ ਮਹਿੰਗਾ ਹੋਣ ਅਤੇ ਪ੍ਰਚੂਨ ਮੰਗ ਕਮਜ਼ੋਰ ਰਹਿਣ ਵਿਚਕਾਰ ਗੋਲਡ ਈ. ਟੀ. ਐੱਫ. 'ਚ ਲਗਾਤਾਰ 5ਵੇਂ ਮਹੀਨੇ ਨਿਵੇਸ਼ਕਾਂ ਦੀ ਦਿਲਚਸਪੀ ਬਣੀ ਹੋਈ ਹੈ। ਗੋਲਡ ਈ. ਟੀ. ਐੱਫ. 'ਚ ਅਗਸਤ 'ਚ ਨਿਵੇਸ਼ਕਾਂ ਨੇ 908 ਕਰੋੜ ਰੁਪਏ ਨਿਵੇਸ਼ ਕੀਤੇ ਹਨ ਅਤੇ ਮਾਰਚ ਤੋਂ ਬਾਅਦ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਇਸ 'ਚ ਨਿਵੇਸ਼ ਵਧਿਆ ਹੈ। ਜਨਵਰੀ ਤੋਂ ਅਗਸਤ ਤੱਕ ਗੋਲਡ ਈ. ਟੀ. ਐੱਫ. 'ਚ ਕੁੱਲ ਮਿਲਾ ਕੇ 5,356 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ, ਜਦੋਂ ਕਿ ਮਾਰਚ 'ਚ ਗੋਲਡ ਈ. ਟੀ. ਐੱਫ. 'ਚ ਨਿਕਾਸੀ ਦੇਖਣ ਨੂੰ ਮਿਲੀ ਸੀ।
ਜੁਲਾਈ 'ਚ ਨਿਵੇਸ਼ਕਾਂ ਨੇ ਸ਼ੁੱਧ ਰੂਪ ਨਾਲ 921 ਕਰੋੜ ਰੁਪਏ ਗੋਲਡ ਈ. ਟੀ. ਐੱਫਜ਼ 'ਚ ਲਗਾਏ ਸਨ। ਗੋਲਡ ਈ. ਟੀ. ਐੱਫ. ਦਾ ਐੱਮ. ਯੂ. ਐੱਮ. ਯਾਨੀ ਪ੍ਰਬੰਧਨ ਅਧੀਨ ਸੰਪਤੀ ਅਗਸਤ ਦੇ ਅੰਤ ਤੱਕ 13,503 ਕਰੋੜ ਤੱਕ ਪਹੁੰਚ ਚੁੱਕੀ ਹੈ।
ਮਹੀਨਾਵਾਰ ਦੇ ਹਿਸਾਬ ਨਾਲ ਦੇਖੀਏ ਤਾਂ ਜਨਵਰੀ 'ਚ ਨਿਵੇਸ਼ਕਾਂ ਨੇ 202 ਕਰੋੜ ਰੁਪਏ, ਫਰਵਰੀ 'ਚ 1,483 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਹਾਲਾਂਕਿ, ਮੁਨਾਫਾਵਸੂਲੀ ਦੇ ਚੱਲਦੇ ਮਾਰਚ 'ਚ 195 ਕਰੋੜ ਰੁਪਏ ਦੀ ਨਿਕਾਸੀ ਦੇਖਣ ਨੂੰ ਮਿਲੀ। ਉੱਥੇ ਹੀ, ਅਪ੍ਰੈਲ 'ਚ 731 ਕਰੋੜ ਰੁਪਏ ਦਾ ਨਿਵੇਸ਼ ਆਉਣ ਨਾਲ ਇਸ 'ਚ ਫਿਰ ਤੋਂ ਪੈਸਾ ਲੱਗਣਾ ਸ਼ੁਰੂ ਹੋ ਗਿਆ। ਮਈ 'ਚ ਇਸ 'ਚ 815 ਕਰੋੜ ਰੁਪਏ ਅਤੇ ਜੂਨ 'ਚ 494 ਕਰੋੜ ਰੁਪਏ ਦਾ ਨਿਵੇਸ਼ ਆਇਆ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਸੁਰੱਖਿਅਤ ਨਿਵੇਸ਼ ਦੀ ਮੰਗ ਵਧਣ ਨਾਲ ਸੋਨਾ ਇਸ ਸਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਸੰਪਤੀ ਕਲਾਸਾਂ 'ਚੋਂ ਇਕ ਬਣ ਕੇ ਉਭਰਿਆ ਹੈ। ਭਾਰਤ 'ਚ ਹਾਲ ਹੀ 'ਚ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ਲਗਭਗ 30 ਫੀਸਦੀ ਉਪਰ ਹੀ ਹਨ। ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਇਸ ਸਮੇਂ 51,000 ਰੁਪਏ ਪ੍ਰਤੀ ਦਸ ਗ੍ਰਾਮ ਹੈ, ਜੋ ਪਿਛਲੇ ਮਹੀਨੇ 56,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਰਹੀ ਸੀ।
ਕੀ ਹੈ ਗੋਲਡ ਈ. ਟੀ. ਐੱਫ.?
ਗੋਲਡ ਈ. ਟੀ. ਐੱਫ. ਯੂਨਿਟ ਸਟਾਕ ਐਕਸਚੇਂਜਾਂ 'ਤੇ ਸੂਚੀਬੱਧ ਹੁੰਦੇ ਹਨ ਅਤੇ ਡੀਮੈਟ ਦੇ ਰੂਪ 'ਚ ਆਸਾਨੀ ਨਾਲ ਖਰੀਦੇ ਤੇ ਵੇਚੇ ਜਾ ਸਕਦੇ ਹਨ। ਇਸ 'ਚ ਆਮ ਤੌਰ 'ਤੇ ਹਰ ਇਕ ਯੂਨਿਟ ਲਗਭਗ ਇਕ ਗ੍ਰਾਮ ਸੋਨੇ ਦੇ ਬਰਾਬਰ ਹੁੰਦਾ ਹੈ। ਇਸ 'ਚ ਬਣਵਾਈ ਚਾਰਜ ਦਾ ਝੰਜਟ ਨਹੀਂ ਹੁੰਦਾ ਅਤੇ ਨਾ ਹੀ ਸੋਨੇ ਦੀ ਸ਼ੁੱਧਤਾ ਦਾ ਕੋਈ ਡਰ ਹੁੰਦਾ ਹੈ। ਨਿਵੇਸ਼ਕ ਇਸ ਨੂੰ ਡੀਮੈਟ ਖਾਤੇ 'ਚ ਰੱਖ ਸਕਦੇ ਹਨ।