ਕੌਮਾਂਤਰੀ ਪੱਧਰ ’ਤੇ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਸਟੀਲ ਸ਼ੇਅਰਾਂ ’ਚ ਲੱਗੀ ਅੱਗ

Saturday, Mar 27, 2021 - 10:20 AM (IST)

ਮੁੰਬਈ - ਸਟੀਲ ਸ਼ੇਅਰਾਂ ਨੇ ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਖੂਬ ਤੇਜ਼ੀ ਦਿਖਾਈ ਅਤੇ ਇਨ੍ਹਾਂ ਦੇ ਰੇਟ ’ਤੇ ਮੈਟਲ ਇੰਡੈਕਸ 469.72 ਅੰਕ ਚੜ੍ਹ ਕੇ 13937 ’ਤੇ ਬੰਦ ਹੋਇਆ। ਇਸ ਇੰਡੈਕਸ ਸਾਲ ਦਾ ਉੱਚ ਪੱਧਰ 14625 ਹੈ ਜੋ ਇਸ ਨੇ ਇਸੇ ਮਹੀਨੇ 3 ਮਾਰਚ ਨੂੰ ਬਣਾਇਆ ਸੀ ਪਰ ਇਸ ਤੋਂ ਬਾਅਦ ਇਹ ਇੰਡੈਕਸ 24 ਮਾਰਚ ਨੂੰ 13474 ਦੇ ਪੱਧਰ ’ਤੇ ਡਿੱਗ ਗਿਆ ਸੀ ਪਰ ਸ਼ੁੱਕਰਵਾਰ ਦੀ ਤੇਜ਼ੀ ਤੋਂ ਬਾਅਦ ਹੁਣ ਇਹ ਮੁੜ 14 ਹਜ਼ਾਰ ਦਾ ਪੱਧਰ ਪਾਰ ਕਰਨ ਦੇ ਕਰੀਬ ਹੈ।

ਮੈਟਲ ਇੰਡੈਕਸ ਫਿਲਹਾਲ ਆਪਣੇ ਉੱਚ ਪੱਧਰ ਤੋਂ 6557 ਅੰਕ ਹੇਠਾਂ

ਬੰਬੇ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ ਭਾਂਵੇ ਹੀ ਇਸ ਸਾਲ ਦੇ ਆਪਣੇ ਉੱਚ ਪੱਧਰ ਦੇ ਕਰੀਬ ਨਜ਼ਰ ਆ ਰਿਹਾ ਹੋਵੇ ਪਰ ਇਹ ਆਪਣੇ ਉੱਚ ਪੱਧਰ ਤੋਂ ਹਾਲੇ ਵੀ ਕਾਫੀ ਹੇਠਾਂ ਹੈ। ਮੈਟਲ ਇੰਡੈਕਸ ਦਾ ਉੱਚ ਪੱਧਰ 4 ਜਨਵਰੀ 2008 ਨੂੰ ਬਣਿਆ ਸੀ ਅਤੇ ਇਸ ਨੇ 20494.62 ਅੰਕ ਦਾ ਅੰਕੜਾ ਛੂਹਿਆ ਸੀ ਪਰ ਉਸ ਤੋਂ ਬਾਅਦ ਇਹ ਇੰਡੈਕਸ 2008 ਦੀ ਮੰਦੀ ਦੌਰਾਨ ਹੀ ਡਿਗ ਕੇ 3806.79 ਅੰਕ ਤੱਕ ਡਿੱਗ ਗਿਆ ਸੀ ਅਤੇ ਹੁਣ ਇਹ ਇਕ ਵਾਰ ਮੁੜ ਆਪਣੇ ਉੱਚ ਪੱਧਰ ਤੋਂ ਕਰੀਬ 6557 ਅੰਕ ਹੇਠਾਂ 13937 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ।

ਕਿਉਂ ਆਈ ਸਟੀਲ ਸ਼ੇਅਰਾਂ ’ਚ ਤੇਜ਼ੀ

ਸਟੀਲ ਸ਼ੇਅਰਾਂ ’ਚ ਇਹ ਤੇਜ਼ੀ ਵੀਰਵਾਰ ਤੋਂ ਸ਼ੁਰੂ ਹੋਈ ਹੈ। ਇਸ ਦਾ ਸਭ ਤੋਂ ਪਹਿਲਾ ਕਾਰਣ ਇਹ ਹੈ ਕਿ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਕਾਰਣ ਸਟੀਲ ਕੰਪਨੀਆਂ ਸਟੀਲ ਦੇ ਰੇਟ ’ਚ 2 ਤੋਂ 3 ਹਜ਼ਾਰ ਰੁਪਏ ਪ੍ਰਤੀ ਟਨ ਦਾ ਵਾਧਾ ਕਰ ਸਕਦੀਆਂ ਹਨ ਅਤੇ ਇਸ ਦਾ ਸਿੱਧਾ ਅਸਰ ਕੰਪਨੀਆਂ ਦੀ ਬੈਲੈਂਸ ਸ਼ੀਟ ’ਤੇ ਪਵੇਗਾ ਅਤੇ ਉਨ੍ਹਾਂ ਦਾ ਮੁਨਾਫਾ ਵੀ ਵਧੇਗਾ।

ਇਸ ਤੋਂ ਇਲਾਵਾ ਸਟੀਲ ਦੀ ਕੌਮਾਂਤਰੀ ਮੰਗ ਵਧਣ ਨਾਲ ਵੀ ਸਟੀਲ ਦੀਆਂ ਕੀਮਤਾਂ ’ਚ ਪਿਛਲੇ ਕੁਝ ਦਿਨ ਤੋਂ ਆਈ ਤੇਜ਼ੀ ਹੈ। ਦੁਨੀਆ ਦੇ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ਘਰੇਲੂ ਬਾਜ਼ਾਰ ਦੇ ਮੁਕਾਬਲੇ ਕਰੀਬ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਟਨ ਜ਼ਿਆਦਾ ਹੈ। ਖਾਸ ਤੌਰ ’ਤੇ ਚੀਨ ’ਚ ਸਟੀਲ ਦੇ ਰੇਟ ਤੇਜ਼ੀ ਨਾਲ ਵਧ ਰਹੇ ਹਨ। ਲਿਹਾਜਾ ਆਉਣ ਵਾਲੇ ਸਮੇਂ ’ਚ ਸਟੀਲ ਕੰਪਨੀਆਂ ਨੂੰ ਬਰਾਮਦ ਤੋਂ ਹੋਣ ਵਾਲਾ ਮੁਨਾਫਾ ਵਧ ਸਕਦਾ ਹੈ ਅਤੇ ਇਸ ਕਾਰਣ ਸਟੀਲ ਕੰਪਨੀਆਂ ਦੇ ਸ਼ੇਅਰ ਵਧਣੇ ਸ਼ੁਰੂ ਹੋ ਗਏ ਹਨ।

6 ਅਪ੍ਰੈਲ ਤੋਂ ਬਾਅਦ ਸ਼ਨੀ ਲਿਆਉਣਗੇ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ

ਸਟੀਲ ਦੀਆਂ ਕੀਮਤਾਂ ਦੇ ਕਾਰਕ ਗ੍ਰਹਿ ਸ਼ਨੀ ਦੇਵ ਵੀ 6 ਅਪ੍ਰੈਲ ਤੋਂ ਆਪਣੀ ਮਕਰ ਰਾਸ਼ੀ ’ਚ ਬਲਵਾਨ ਸਥਿਤੀ ’ਚ ਆ ਜਾਣਗੇ ਅਤੇ ਇਸ ਤੋਂ ਬਾਅਦ ਸਟੀਲ ਦੀਆਂ ਕੀਮਤਾਂ ’ਚ ਹੋਰ ਜ਼ਿਆਦਾ ਤੇਜ਼ੀ ਆਉਣ ਦੇ ਆਸਾਰ ਹਨ।

ਫਿਲਹਾਲ ਸ਼ਨੀ ਦੇਵ ਦੀ ਮਕਰ ਰਾਸ਼ੀ ’ਚ ਉਨ੍ਹਾਂ ਦੇ ਗੁਰੂ ਦਾ ਗੋਚਰ ਹੋ ਰਿਹਾ ਹੈ ਅਤੇ ਗੁਰੂ 6 ਅਪ੍ਰੈਲ ਨੂੰ ਰਾਸ਼ੀ ਤਬਦੀਲ ਕਰ ਕੇ ਕੁੰਭ ਰਾਸ਼ੀ ’ਚ ਚਲੇ ਜਾਣਗੇ, ਜਿਸ ਨਾਲ ਸ਼ਨੀ ਦੇਵ ਆਪਣੇ ਘਰ ’ਚ ਇਕੱਲੇ ਹੋ ਕੇ ਆਪਣਾ ਪੂਰਾ ਪ੍ਰਭਾਵ ਦੇਣਗੇ। ਇਸ ਦਰਮਿਆਨ ਸ਼ਨੀ 23 ਮਈ ਤੋਂ 11 ਅਕਤੂਬਰ ਤੱਕ ਵੱਕਰੀ ਹੋਣਗੇ ਅਤੇ ਇਸ ਦੌਰਾਨ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੇਗੀ ਅਤੇ ਇਸ ਦਾ ਫਾਇਦਾ ਸਟੀਲ ਕੰਪਨੀਆਂ ਨੂੰ ਹੋਵੇਗਾ।

ਸਟੀਲ ਸ਼ੇਅਰਾਂ ’ਚ ਤੇਜ਼ੀ

ਬ੍ਰੋਕਰੇਜ ਕੰਪਨੀਆਂ ਨੇ ਦਿੱਤੀ ਸਟੀਲ ਸ਼ੇਅਰ ਖਰੀਦਣ ਦੀ ਸਲਾਹ

ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਦੀ ਸੰਭਾਵਨਾ ਨਾਲ ਸਟੀਲ ਕੰਪਨੀਆਂ ਨੂੰ ਹੋਣ ਵਾਲੇ ਮੁਨਾਫੇ ਦੇ ਆਧਾਰ ’ਤੇ ਬ੍ਰੋਕਰੇਜ ਕੰਪਨੀਆਂ ਨੇ ਵੀ ਸਟੀਲ ਕੰਪਨੀਆਂ ਦੇ ਸ਼ੇਅਰਾਂ ’ਚ ਨਿਵੇਸ਼ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਮੋਤੀਲਾਲ ਓਸਵਾਲ ਨੇ ਸੇਲ ਦਾ ਸ਼ੇਅਰ ਖਰੀਦਣ ਦੀ ਸਿਫਾਰਿਸ਼ ਕੀਤੀ ਹੈ ਅਤੇ ਸ਼ੇਰ ਖਾਨ ਨੇ ਜੇ. ਐੱਸ. ਡਬਲਯੂ. ਦੇ ਸ਼ਾਅਰ ਖਰੀਦਣ ਦੀ ਸਿਫਾਰਿਸ਼ ਕੀਤੀ ਹੈ।

ਸੇਲ ਦਾ ਟੀਚਾ 104 ਰੁਪਏ : ਮੋਤੀਲਾਲ ਓਸਵਾਲ

ਬ੍ਰੇਕਰੇਜ ਕੰਪਨੀ ਮੋਤੀਲਾਲ ਓਸਵਾਲ ਇਨਵੈਸਟਮੈਂਟਸ ਦੀ ਰਿਸਰਚ ਟੀਮ ਨੇ ਦੋ ਦਿਨ ਪਹਿਲਾਂ ਹੀ ਕੰਪਨੀ ਦੀ ਵਿੱਤੀ ਸਥਿਤੀ ਅਤੇ ਆਉਣ ਵਾਲੇ ਸਮੇਂ ’ਚ ਕੰਪਨੀ ਨੂੰ ਹੋਣ ਵਾਲੇ ਮੁਨਾਫੇ ਦੇ ਮੁਲਾਂਕਣ ਦੇ ਆਧਾਰ ’ਤੇ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਸ਼ੇਅਰ ਖਰੀਦਣ ਦੀ ਸਲਾਹ ਦਿੱਤੀ ਹੈ।

ਕੰਪਨੀ ਨੇ ਪਿਛਲੀ ਤਿਮਾਹੀ ਦੌਰਾਨ 1246.50 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਅਤੇ ਨਿਵੇਸ਼ਕ ਇਸ ਸਰਕਾਰੀ ਕੰਪਨੀ ’ਤੇ ਭਰੋਸਾ ਕਰ ਸਕਦੇ ਹਨ।

ਜੇ. ਐੱਸ. ਡਬਲਯੂ. ਦਾ ਟੀਚਾ 500 : ਸ਼ੇਰ ਖਾਨ

ਬ੍ਰੋਕਰੇਜ ਕੰਪਨੀ ਸ਼ੇਰ ਖਾਨ ਨੇ ਨਿਵੇਸ਼ਕਾਂ ਨੂੰ ਜੇ. ਐੱਸ. ਡਬਲਯੂ. ਸਟੀਲ ਦੇ ਸ਼ੇਅਰ ਖਰੀਦਣ ਦੀ ਸਿਫਾਰਿਸ਼ ਕੀਤੀ ਹੈ ਅਤੇ ਇਸ ਸ਼ੇਅਰ ਦਾ ਟੀਚਾ 500 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਹੈ। ਕੰਪਨੀ ਦੀ ਦਲੀਲ ਹੈ ਕਿ ਚੀਨ ਹੌਟ ਰੋਡ ਕੋਇਲ ਦੀਆਂ ਕੀਮਤਾਂ ’ਚ 16 ਫੀਸਦੀ ਦੀ ਤੇਜ਼ੀ ਕਾਰਣ ਸਟੀਲ ਦੇ ਰੇਟਾਂ ’ਚ ਤੇਜ਼ੀ ਦਾ ਫਾਇਦਾ ਜੇ. ਐੱਸ. ਡਬਲਯੂ. ਸਟੀਲ ਨੂੰ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਦੀ ਵਿੱਤੀ ਸਥਿਤੀ ਅਤੇ ਮੁਨਾਫਾ ਕਾਫੀ ਚੰਗਾ ਹੈ।


Harinder Kaur

Content Editor

Related News