2020-22 ਦਰਮਿਆਨ ਕੌਮਾਂਤਰੀ ਹਵਾਬਾਜ਼ੀ ਉਦਯੋਗ ਨੂੰ 201 ਅਰਬ ਡਾਲਰ ਦਾ ਨੁਕਸਾਨ ਹੋਵੇਗਾ : IATA
Wednesday, Oct 06, 2021 - 03:12 PM (IST)
ਬੋਸਟਨ (ਅਮਰੀਕਾ) (ਭਾਸ਼ਾ) – ਗਲੋਬਲ ਏਵੀਏਸ਼ਨ ਬਾਡੀ ਆਈ. ਏ. ਟੀ. ਏ. ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਨੇ ਕਿਹਾ ਕਿ ਕੋਵਿਡ-19 ਸੰਕਟ ਕਾਰਨ ਕੌਮਾਂਤਰੀ ਹਵਾਬਾਜ਼ੀ ਉਦਯੋਗ ਨੂੰ 2020 ਤੋਂ 2022 ਦਰਮਿਆਨ 201 ਅਰਬ ਡਾਲਰ ਦਾ ਨੁਕਸਾਨ ਹੋਵੇਗਾ, ਹਾਲਾਂਕਿ 2023 ’ਚ ਉਹ ਵਾਪਸ ਮੁਨਾਫੇ ’ਚ ਆ ਸਕਦਾ ਹੈ। ਵਾਲਸ਼ ਨੇ ਸੋਮਵਾਰ ਨੂੰ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੀ 77ਵੀਂ ਸਾਲਾਨਾ ਆਮ ਬੈਠਕ ’ਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਸੰਕਟ ਦੇ ਸਭ ਤੋਂ ਡੂੰਘੇ ਪੱਧਰ ’ਚੋਂ ਨਿਕਲ ਚੁੱਕੇ ਹਾਂ। ਹਾਲਾਂਕਿ ਗੰਭੀਰ ਮੁੱਦੇ ਬਣੇ ਹੋਏ ਹਨ, ਵਾਪਸੀ ਦਾ ਰਸਤਾ ਦਿਖਾਈ ਦੇਣ ਲੱਗਾ ਹੈ।
ਵਾਲਸ਼ ਨੇ ਕਿਹਾ ਕਿ ਅਸੀਂ ਵਿੱਤ ’ਚ ਸੁਧਾਰ ਦੇਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ 2021 ’ਚ ਨੁਕਸਾਨ ਲਗਭਗ 52 ਅਰਬ ਡਾਲਰ ਹੋਵੇਗਾ ਜਦ ਕਿ 2020 ’ਚ 138 ਅਰਬ ਡਾਲਰ ਦਾ ਭਾਰੀ ਨੁਕਸਾਨ ਹੋਇਆ ਸੀ। 2022 ’ਚ ਘਾਟਾ ਹੋਰ ਘੱਟ ਹੋ ਕੇ ਲਗਭਗ 12 ਅਰਬ ਡਾਲਰ ਹੋ ਜਾਏਗਾ। 2023 ’ਚ ਮੁਨਾਫੇ ’ਚ ਪਰਤਣ ਤੋਂ ਪਹਿਲਾਂ ਕੁੱਲ ਮਿਲਾ ਕੇ ਕੋਵਿਡ-19 ਸੰਕਟ ਕਾਰਨ ਹਵਾਬਾਜ਼ੀ ਉਦਯੋਗ ਨੂੰ 201 ਅਰਬ ਡਾਲਰ ਦਾ ਨੁਕਸਾਨ ਹੋਵੇਗਾ।
ਕੌਮਾਂਤਰੀ ਹਵਾਈ ਯਾਤਰਾ ਹਾਲੇ ਵੀ ਖਤਰੇ ’ਚ
ਆਈ. ਏ. ਟੀ. ਏ. ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਕਾਨਰਾਡ ਕਿਲਫੋਰਡ ਨੇ ਿਕਹਾ ਕਿ ਕੌਮਾਂਤਰੀ ਹਵਾਈ ਯਾਤਰਾ ਹੁਣ ਵੀ ਖਤਰੇ ’ਚ ਹੈ ਅਤੇ 2019 ਦੇ ਪੱਧਰ ਦੀ ਤੁਲਨਾ ’ਚ 2021 ’ਚ ਉਹ ਸਿਰਫ 22 ਫੀਸਦੀ ਹੋਵੇਗੀ। ਜਹਾਜ਼ੀ ਉਦਯੋਗ ਦੇ ਸੂਤਰਾਂ ਮੁਤਾਬਕ ਇਸ ਸਮੇਂ ਭਾਰਤ ਤੋਂ ਕੋਵਿਡ ਤੋਂ ਪਹਿਲਾਂ ਦੀ ਤੁਲਨਾ ’ਚ ਲਗਭਗ 20 ਫੀਸਦੀ ਕੌਮਾਂਤਰੀ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਕੋਵਿਡ ਤੋਂ ਪਹਿਲਾਂ ਦੀ ਤੁਲਨਾ ’ਚ ਦੇਸ਼ ’ਚ ਇਸ ਸਮੇਂ ਕਰੀਬ 70 ਫੀਸਦੀ ਘਰੇਲੂ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।