ਚੀਨ ਤੋਂ ਦਰਾਮਦ ਕਰਨ ਦੀ ਬਜਾਏ ਉਥੋਂ ਦੀਆਂ ਕੰਪਨੀਆਂ ਨੂੰ ਨਿਵੇਸ਼ ਲਈ ਬੁਲਾਉਣਾ ਬਿਹਤਰ ਬਦਲ : ਵਿਰਮਾਨੀ
Monday, Aug 05, 2024 - 01:35 PM (IST)
ਨਵੀਂ ਦਿੱਲੀ (ਭਾਸ਼ਾ) - ਨੀਤੀ ਆਯੋਗ ਦੇ ਮੈਂਬਰ ਅਰਵਿੰਦ ਵਿਰਮਾਨੀ ਨੇ ਕਿਹਾ ਹੈ ਕਿ ਭਾਰਤ ਲਈ ਇਹ ਬਿਹਤਰ ਹੋਵੇਗਾ ਕਿ ਉਹ ਚੀਨ ਤੋਂ ਉਤਪਾਦਾਂ ਦੀ ਦਰਾਮਦ ਕਰਨ ਦੀ ਬਜਾਏ ਗੁਆਂਢੀ ਦੇਸ਼ ਦੀਆਂ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਅਤੇ ਵਸਤਾਂ ਦਾ ਉਤਪਾਦਨ ਕਰਨ ਲਈ ਆਕਰਸ਼ਿਤ ਕਰੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਉਤਪਾਦਾਂ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਆਮ ਬਜਟ ਤੋਂ ਇਕ ਦਿਨ ਪਹਿਲਾਂ 22 ਜੁਲਾਈ ਨੂੰ ਪੇਸ਼ ਆਰਥਕ ਸਮੀਖਿਆ ’ਚ ਸਥਾਨਕ ਨਿਰਮਾਣ ਨੂੰ ਬੜ੍ਹਾਵਾ ਦੇਣ ਅਤੇ ਬਰਾਮਦ ਬਾਜ਼ਾਰ ਦਾ ਲਾਭ ਚੁੱਕਣ ਲਈ ਚੀਨ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਵਕਾਲਤ ਕੀਤੀ ਗਈ ਹੈ। ਵਿਰਮਾਨੀ ਵੱਲੋਂ ਇਸ ਬਾਰੇ ’ਚ ਪੁੱਛਿਆ ਗਿਆ ਸੀ।
ਅਪ੍ਰੈਲ, 2000 ਤੋਂ ਮਾਰਚ, 2024 ਤੱਕ ਭਾਰਤ ’ਚ ਆਏ ਕੁਲ ਐੱਫ. ਡੀ. ਆਈ. ਇਕਵਿਟੀ ਪ੍ਰਵਾਹ ’ਚ ਸਿਰਫ 0.37 ਫੀਸਦੀ ਹਿੱਸੇਦਾਰੀ (2.5 ਅਰਬ ਅਮਰੀਕੀ ਡਾਲਰ) ਦੇ ਨਾਲ ਚੀਨ 22ਵੇਂ ਸਥਾਨ ’ਤੇ ਹੈ। ਜੂਨ, 2020 ’ਚ ਗਲਵਾਨ ਘਾਟੀ ’ਚ ਹੋਈ ਭਿਆਨਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ’ਚ ਸਬੰਧਾਂ ’ਚ ਕਾਫੀ ਖਟਾਸ ਆਈ ਹੈ।
ਭਾਰਤ ਹਮੇਸ਼ਾ ਤੋਂ ਕਹਿੰਦਾ ਰਿਹਾ ਹੈ ਕਿ ਸਰਹੱਦੀ ਖੇਤਰਾਂ ’ਤੇ ਸ਼ਾਂਤੀ ਤੋਂ ਪਹਿਲਾਂ ਉਸ ਦੇ ਚੀਨ ਨਾਲ ਸਬੰਧ ਆਮ ਨਹੀਂ ਹੋ ਸਕਦੇ ਹਨ। ਦੋਵਾਂ ਦੇਸ਼ਾਂ ’ਚ ਤਣਾਅ ਕਾਰਨ ਭਾਰਤ ਨੇ ਟਿਕ-ਟਾਕ ਸਮੇਤ ਚੀਨ ਦੇ 200 ਤੋਂ ਜ਼ਿਆਦਾ ਮੋਬਾਈਲ ਐਪ ’ਤੇ ਰੋਕ ਲਾਈ ਹੈ।